ਮਨਪ੍ਰੀਤ ਸਿੰਘ ਖਾਲਸਾ.
ਬਹੁਜਨ ਦ੍ਰਾਵਿੜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀਵਨ ਸਿੰਘ ਤਮਿਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਇਕ ਮੁਲਾਕਾਤ ਦੌਰਾਨ ਪੱਤਰ ਦੇ ਕੇ ਪੰਜਾਬ ਦੇ ਲੰਬੇ ਸਮੇਂ ਦੇ ਹਿੱਤਾਂ, ਲੋਕਤੰਤਰੀ ਜਵਾਬਦੇਹੀ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਮਾਰਗਦਰਸ਼ਨ ਦੀ ਬੇਨਤੀ ਕੀਤੀ ਹੈ।
ਪੱਤਰ ਵਿੱਚ ਵਿਧਾਇਕਾਂ ਨੂੰ ਦਿੱਤੀ ਗਈ ਹਾਲੀਆ ਤਾੜਨਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਨਿਆਂ, ਜਵਾਬਦੇਹੀ ਅਤੇ ਲੋਕ-ਹਿੱਤ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਤੀਕ ਕਰਾਰ ਦਿੱਤਾ ਗਿਆ। ਪੱਤਰ ਵਿੱਚ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੂਹ ਸਿੱਖ ਰਾਜਨੀਤਿਕ ਆਗੂਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਚੰਡੀਗੜ੍ਹ ‘ਤੇ ਪੰਜਾਬ ਦੇ ਹੱਕ ਦੀ ਪੁਸ਼ਟੀ, ਪੰਜਾਬੀ ਭਾਸ਼ਾ ਦੀ ਸੁਰੱਖਿਆ ਅਤੇ ਲਾਜ਼ਮੀ ਸਿੱਖਿਆ, ਗੁਆਂਢੀ ਦੇਸ਼ਾਂ ਨਾਲ ਸ਼ਾਂਤੀਪੂਰਨ ਵਪਾਰ, ਵੰਸ਼ਵਾਦੀ ਰਾਜਨੀਤੀ ਅਤੇ ਸ਼ਕਤੀ ਦੇ ਕੇਂਦਰੀਕਰਨ ‘ਤੇ ਰੋਕ, ਬੰਦੀ ਸਿੰਘਾਂ ਦੀ ਰਿਹਾਈ ਲਈ ਸਰਬਸੰਮਤੀ ਮਤਾ, ਖੇਤੀਬਾੜੀ ਲਈ ਸਥਾਈ ਮਾਹਿਰ ਕਮਿਸ਼ਨ ਦੀ ਸਥਾਪਨਾ ਅਤੇ ਪੰਜਾਬ ਦੇ ਜਲ ਸਰੋਤਾਂ ‘ਤੇ ਪੂਰੇ ਅਧਿਕਾਰ ਵਾਲਾ ਖ਼ੁਦਮੁਖ਼ਤਿਆਰ ਜਲ ਨਿਯੰਤਰਣ ਬੋਰਡ ਬਣਾਉਣ ਵਰਗੇ ਮੁੱਦਿਆਂ ‘ਤੇ ਇਕਜੁੱਟ ਹੋ ਕੇ ਵਿਧਾਨਕ ਅਤੇ ਪ੍ਰਸ਼ਾਸਕੀ ਕਦਮ ਚੁੱਕਣ ਲਈ ਪ੍ਰੇਰਿਤ ਕਰਨ ਦੀ ਬੇਨਤੀ ਕੀਤੀ ਹੈ।
ਜੀਵਨ ਸਿੰਘ ਤਾਮਿਲ ਨੇ ਕਿਹਾ ਕਿ ਪੰਜਾਬ ਦੇ ਭਵਿੱਖ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪਾਰਟੀਗਤ ਹਿੱਤਾਂ ਤੋਂ ਉੱਪਰ ਉੱਠ ਕੇ ਇਕਸੁਰ ਹੋਣ ਦੀ ਲੋੜ ਹੈ ਤਾਂ ਜੋ “ਸਰਬੱਤ ਦੇ ਭਲੇ” ਦੀ ਭਾਵਨਾ ਅਨੁਸਾਰ ਸੂਬੇ ਦੇ ਹਿੱਤਾਂ ਦੀ ਪ੍ਰਭਾਵਸ਼ਾਲੀ ਰੱਖਿਆ ਕੀਤੀ ਜਾ ਸਕੇ।




