ਸਿੱਖ ਜੱਥੇਬੰਦੀਆਂ ਕੰਗਣਾ ਰਣੌਤ ਦੀ ਵਿਵਾਦਿਤ ਫਿਲਮ ਐਮਰਜੈਂਸੀ ਦਾ ਕਰ ਰਹੀਆਂ ਸਨ ਵਿਰੋਧ ਪ੍ਰਦਰਸ਼ਨ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬਰਤਾਨੀਆ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਵਿਚ ਬੋਲਦੇ ਹੋਏ, ਹੋਰ ਈਸਟ ਦੇ ਕੰਜ਼ਰਵੇਟਿਵ ਐਮ.ਪੀ. ਬੌਬ ਬਲੈਕਮੈਨ ਨੇ ਇਕ ਵਾਰ ਫਿਰ ਜਾਣਬੁੱਝ ਕੇ ‘ਅੱਤਵਾਦੀ’ ਸ਼ਬਦ ਦੀ ਦੁਰਵਰਤੋਂ ਕੀਤੀ ਤਾਂ ਜੋ ਫ਼ਿਲਮ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਦਾ ਵਰਣਨ ਕੀਤਾ ਜਾ ਸਕੇ। ਇਹ ਵਿਚਾਰ ਸਿੱਖ ਫੈੱਡਰੇਸ਼ਨ ਯੂ.ਕੇ. ਵਲੋਂ ਪ੍ਰਗਟ ਕੀਤੇ ਗਏ। ਭਾਈ ਜਸਪਾਲ ਸਿੰਘ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਐਮ.ਪੀ. ਬੌਬ ਬਲੈਕਮੈਨ ਸੱਜੇ-ਪੱਖੀ ਭਾਰਤੀ ਸਰਕਾਰ ਦੇ ਬੁਲਾਰੇ ਵਜੋਂ ਹੀ ਵਿਚਰ ਰਹੇ ਹਨ। ਦੋ ਸਾਲ ਪਹਿਲਾਂ ਸੰਸਦ ਵਿਚ ਉਹ ਸਾਰੇ ਪਾਸਿਆਂ ਤੋਂ ਇਕਲੌਤੇ ਸੰਸਦ ਮੈਂਬਰ ਸਨ ਜਿਨ੍ਹਾਂ ਨੇ ਜਗਤਾਰ ਸਿੰਘ ਜੌਹਲ ‘ਤੇ ਅੱਤਵਾਦੀ ਹੋਣ ਦਾ ਦੋਸ਼ ਲਗਾਇਆ ਸੀ, ਹਾਲਾਂਕਿ ਬੌਰਿਸ ਜੌਹਨਸਨ ਜਦੋਂ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਦੇ ਨੇਤਾ ਸਨ ਤਾਂ ਉਨ੍ਹਾਂ ਨੇ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ ਕਿ ਜਗਤਾਰ ਨੂੰ ਤਸੀਹੇ ਦਿੱਤੇ ਗਏ ਸਨ ਅਤੇ 4 ਨਵੰਬਰ 2017 ਤੋਂ ਮਨਮਾਨੀ ਹਿਰਾਸਤ ਵਿਚ ਰੱਖਿਆ ਹੋਇਆ ਹੈ।
ਸਿੱਖ ਫੈੱਡਰੇਸ਼ਨ ਦੇ ਰਾਜਨੀਤਿਕ ਸ਼ਮੂਲੀਅਤ ਲਈ ਲੀਡ ਐਗਜ਼ੀਕਿਊਟਿਵ ਦਬਿੰਦਰਜੀਤ ਸਿੰਘ ਓ ਬੀ ਈ ਨੇ ਕਿਹਾ ਕਿ ਬੌਬ ਬਲੈਕਮੈਨ ਨੇ ਇਕ ਵਾਰ ਫਿਰ ਆਪਣੇ ਸੰਸਦੀ ਵਿਸ਼ੇਸ਼ ਅਧਿਕਾਰ ਦੀ ਵਰਤੋਂ ਸਿੱਖ ਰਾਜ ਦੀ ਮੁੜ ਸਥਾਪਨਾ ਦੀ ਮੰਗ ਕਰਨ ਵਾਲੇ ਸਿੱਖਾਂ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਖ਼ਾਲਿਸਤਾਨੀ ਅੱਤਵਾਦੀ ਸ਼ਬਦ ਦੀ ਵਰਤੋਂ ਕੀਤੀ ਹੈ। ਅਸੀਂ ਉਸਦੇ ਗੁੱਸੇ ਦੇ ਆਦੀ ਹਾਂ, ਪਰ ਅੱਜ ਉਸਨੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਅੱਤਵਾਦੀ ਕਹਿਣ ਲਈ ਬੈਕਬੈਂਚ ਕਮੇਟੀ ਦੇ ਚੇਅਰਮੈਨ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਸੰਸਦ ਵਿਚ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਅੱਤਵਾਦੀ ਕਹਿਣ ਲਈ ਸੰਸਦ ਮੈਂਬਰ ਨੂੰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਇਹ ਘੋਰ ਗਲਤ ਪੇਸ਼ਕਾਰੀ ਜਨਤਕ ਹਿੱਤ ਵਿਚ ਨਹੀਂ ਹੋ ਸਕਦੀ ਅਤੇ ਇਹ ਹਾਊਸ ਆਫ਼ ਕਾਮਨਜ਼ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਬੌਬ ਬਲੈਕਮੈਨ ਦੇ ਇਸ ਅਸਵੀਕਾਰਨਯੋਗ ਵਿਵਹਾਰ ਬਾਰੇ ਸੰਸਦੀ ਕਮਿਸ਼ਨਰ ਫ਼ਾਰ ਸਟੈਂਡਰਡਜ਼ ਨੂੰ ਇਕ ਰਸਮੀ ਸ਼ਿਕਾਇਤ ਵੀ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਹੈਰੋ ਸਿਨੇਮਾ ਘਰ ਵਿਚ ਕੰਗਣਾ ਰਣੌਤ ਦੀ ਫ਼ਿਲਮ ਦਾ ਸਿੱਖਾਂ ਵਲੋਂ ਵਿਰੋਧ ਕੀਤਾ ਗਿਆ ਸੀ, ਉਸ ਸਮੇਂ ਐਪ ਬੌਬ ਬਲੈਕਮੈਨ ਵੀ ਉਥੇ ਮੱਜੂਦ ਸੀ। ਉਨ੍ਹਾਂ ਸੰਸਦ ਨੂੰ ਸਾਰੀ ਜਾਣਕਾਰੀ ਬਿਆਨ ਕਰਦਿਆਂ ਹੀ ਖ਼ਾਲਿਸਤਾਨੀ ਅੱਤਵਾਦੀ ਸ਼ਬਦ ਦੀ ਵਰਤੋਂ ਕੀਤੀ ਸੀ।