ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਪੂਰੇ ਵਿਸ਼ਵ ਦੀ ਸਿੱਖ ਸਗੰਤ ਵੱਲੋਂ ਸੱਦੇ ਗਏ “ਸਰਬਤ ਖਾਲਸਾ ਇਕੱਤਰਤਾ” ਵਿੱਚ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)











ਖਾਲਸਾ ਪੰਥ ਦੀ ਮਰਿਯਾਦਾ ਨੂੰ ਬਰਕਰਾਰ ਰੱਖਣਾ ਹਰ ਇੱਕ ਸਿੱਖ ਦਾ ਫਰਜ ਹੈ। ਸਮੁੱਚੇ ਖਾਲਸਾ ਪੰਥ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਪਿਛਲੇ ਕੁਝ ਸਮੇ ਤੋ ਜੋ ਕੁਝ ਖਾਲਸਾ ਪੰਥ ਵਿੱਚ ਵਾਪਰਿਆ ਹੈ ਉਸ ਨਾਲ ਤਖਤਾਂ ਦੇ ਜਥੇਦਾਰਾਂ ਦੇ ਅਹੁਦਿਆਂ ਦੇ ਰੁਤਬੇ ਨੂੰ ਡੂੰਘੀ ਸੱਟ ਵੱਜੀ ਹੈ ਅਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਜਥੇਦਾਰਾਂ ਨੂੰ ਬੇਇੱਜਤ ਕਰਕੇ ਹਟਾਉਣਾ ਬਹੁਤ ਹੀ ਮੰਦਭਾਗਾ ਅਤੇ ਨਾ-ਬਰਦਾਸਤ ਕਰਨਯੋਗ ਹੈ।
ਅਖੰਡ ਕੀਰਤਨੀ ਜਥਾ (ਵਿਸ਼ਵਵਿਆਪੀ) ਦੀ 31 ਮੈਂਬਰੀ ਕਮੇਟੀ ਅਤੇ ਅਖੰਡ ਕੀਰਤਨੀ ਜਥਾ (ਰਜਿ.) ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਇਸ ਸਾਰੇ ਬਿਰਤਾਂਤ ਦਾ ਮੁੱਖ ਕਾਰਨ ਜਥੇਦਾਰਾਂ ਦੀ ਨਿਯੁਕਤੀ ਦਾ ਗਲਤ ਢੰਗ ਹੀ ਹੈ। ਇੱਕ ਰਾਜਸੀ ਧਿਰ ਜੋ ਕਿ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੈ ਉਸ ਵਲੋਂ ਜਥੇਦਾਰਾਂ ਦੀ ਨਿਯੁਕਤੀ ਆਪਣੀ ਮਨ ਮਰਜੀ ਨਾਲ ਕੀਤੀ ਜਾਂਦੀ ਹੈ। ਜਥੇਦਾਰ ਕਮੇਟੀ ਦਾ ਇੱਕ ਭੱਤੇਦਾਰ ਮੁਲਾਜਮ ਹੋਣ ਕਰਕੇ ਕਮੇਟੀ ਜਾਂ ਉਸ ਕਮੇਟੀ ਦੇ ਰਾਜਸੀ ਆਕਾਵਾਂ ਵਿਰੁੱਧ ਬੋਲਣ ਦੀ ਜੁਰਅਤ ਨਹੀਂ ਰੱਖਦਾ।
ਜਦੋਂ ਹੀ ਉਹ ਕਮੇਟੀ ਜਾ ਉਸ ਕਮੇਟੀ ਦੇ ਆਕਾ ਖਿਲਾਫ ਬੋਲਦਾ ਹੈ ਤਾਂ ਉਸ ਨੂੰ ਤੁਰੰਤ ਅਹੁਦੇ ਤੋਂ ਬੇਇੱਜਤ ਕਰਕੇ ਫਾਰਗ ਕਰ ਦਿੱਤਾ ਜਾਂਦਾ ਹੈ। ਇਸ ਤਰਾਂ ਕਰਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਖਾਲਸਾ ਪੰਥ ਦੀਆਂ ਸ਼ਾਨਾਮੱਤੀ ਪ੍ਰੰਪਰਾਵਾਂ ਅਤੇ ਸਿਧਾਤਾਂ ਤੇ ਡੂੰਘੀ ਸੱਟ ਮਾਰੀ ਹੈ। ਅਖੰਡ ਕੀਰਤਨੀ ਜਥਾ ਇਸ ਸਮੁੱਚੇ ਬਿਰਤਾਂਤ ਦਾ ਗੰਭੀਰ ਨੋਟਿਸ ਲੈਦਿਆਂ ਹੋਇਆਂ ਸਮੁੱਚੇ ਖਾਲਸਾ ਪੰਥ ਨੂੰ ਇਸ ਦੇ ਖਿਲਾਫ ਲਾਮਬੰਦ ਹੋਣ ਦੀ ਅਪੀਲ ਕਰਦਾ ਹੈ ਅਤੇ ਇਸ ਬਿਰਤਾਂਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।
ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਪੂਰੇ ਵਿਸ਼ਵ ਦੀ ਸਿੱਖ ਸਗੰਤ ਵੱਲੋਂ ਸੱਦੇ ਗਏ ਸਰਬਤ ਖਾਲਸਾ” ਇਕੱਤਰਤਾ ਵਿੱਚ ਹੋਣੀ ਚਾਹੀਦੀ ਹੈ। ਇਸ ਤਰਾਂ ਚੁਣੇ ਗਏ ਜਥੇਦਾਰ ਕਿਸੇ ਕਮੇਟੀ ਦੀ ਅਧੀਨਗੀ ਤੋਂ ਮੁਕਤ ਹੋਣਗੇ ਅਤੇ ਭੱਤੇਦਾਰ ਮੁਲਾਜਮ ਨਹੀਂ ਹੋਣਗੇ ਜਿਸ ਕਰਕੇ ਓਹ ਅਕਾਲੀ ਫੂਲਾ ਸਿੰਘ ਵਾਂਗ ਆਪਣੀ ਗੱਲ ਬੇਬਾਕੀ ਨਾਲ ਰੱਖਣ ਅਤੇ ਖਾਲਸਾ ਪੰਥ ਦੀ ਯੋਗ ਅਗਵਾਈ ਕਰਨ ਦੇ ਸਮਰੱਥ ਹੋਣਗੇ।