ਦੋਸ਼ੀ ਦੇ ਖਿਲਾਫ਼ ਤੁਰੰਤ ਹੋਵੇ ਸਖ਼ਤ ਕਾਰਵਾਈ, ਪੰਜਾਬ ਅੰਦਰ ਮਨੁੱਖਤਾ ਤੇ ਸਿੱਖ ਵਿਰੋਧੀ ਪਖੰਡਵਾਦ ਨੂੰ ਨੱਥ ਪਾ ਕੇ ਡੇਰੇ ਕੀਤੇ ਜਾਣ ਬੰਦ- ਜਥੇਦਾਰ ਗੜਗੱਜ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅਖੌਤੀ ਤੇ ਪਖੰਡਵਾਦੀ ਪਾਸਟਰ ਬਜਿੰਦਰ ਵੱਲੋਂ ਪੀੜਤ ਦੋ ਬੀਬੀਆਂ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਲਾਕਾਤ ਕੀਤੀ। ਅੰਮ੍ਰਿਤਸਰ ਪੁੱਜੀਆਂ ਪੀੜਤ ਬੀਬੀਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਦੌਰਾਨ ਦੋਸ਼ੀ ਬਜਿੰਦਰ ਵੱਲੋਂ ਉਨ੍ਹਾਂ ਉੱਤੇ ਕੀਤੇ ਗਏ ਜੁਲਮਾਂ ਦੀ ਜਾਣਕਾਰੀ ਵਿਸਥਾਰ ਵਿੱਚ ਸਾਂਝੀ ਕੀਤੀ।

ਬੀਬੀਆਂ ਨੇ ਜਥੇਦਾਰ ਨੂੰ ਦੱਸਿਆ ਕਿ ਪਖੰਡਵਾਦੀ ਬਜਿੰਦਰ ਵੱਲੋਂ ਉਸ ਦੇ ਡੇਰਿਆਂ ਵਿੱਚ ਉਨ੍ਹਾਂ ਨਾਲ ਅੱਤਿਆਚਾਰ ਤੇ ਜਿਣਸੀ ਸ਼ੋਸ਼ਣ ਕੀਤਾ ਗਿਆ, ਜਿਸ ਸਬੰਧੀ ਪੰਜਾਬ ਪੁਲਿਸ ਵੱਲੋਂ ਪਰਚੇ ਵੀ ਦਰਜ ਕੀਤੇ ਗਏ ਹਨ। ਬੀਬੀਆਂ ਨੇ ਕਿਹਾ ਕਿ ਪਰਚੇ ਦਰਜ ਕੀਤੇ ਜਾਣ ਤੋਂ ਬਾਅਦ ਬਜਿੰਦਰ ਦੇ ਕਰਿੰਦਿਆਂ ਵੱਲੋਂ ਦੋਵਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਵੀ ਉਸ ਖ਼ਿਲਾਫ਼ ਲੰਮੇ ਸਮੇਂ ਤੋਂ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਇਸ ਕਰਕੇ ਅੱਜ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਹਨ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਦੋਸ਼ੀ ਬਜਿੰਦਰ ਦੇ ਖ਼ਿਲਾਫ਼ ਪਰਚੇ ਦਰਜ ਕਰ ਲਏ ਗਏ ਹਨ ਪਰੰਤੂ ਉਸ ਵਿਰੁੱਧ ਕਾਰਵਾਈ ਵਿੱਚ ਢਿੱਲ ਮੱਠ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਤਾੜਨਾ ਹੈ ਕਿ ਉਹ ਦੋਸ਼ੀ ਬਜਿੰਦਰ ਦੇ ਖ਼ਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਪੀੜਤ ਬੀਬੀਆਂ ਦੀ ਸੁਰੱਖਿਆ ਯਕੀਨੀ ਬਣਾਵੇ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਖ਼ਾਲਸਾ ਪੰਥ ਦਾ ਨੁਮਾਇੰਦਾ ਹੋਣ ਦੇ ਨਾਤੇ ਦੋਵੇਂ ਬੀਬੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੱਚੇ ਤਖ਼ਤ ਉੱਤੇ ਆਈਆਂ ਹਨ ਅਤੇ ਦੋਸ਼ੀ ਪਖੰਡਵਾਦੀ ਦੇ ਵਿਰੁੱਧ ਸਮੁੱਚੀ ਸਿੱਖ ਕੌਮ ਤੇ ਪੰਜਾਬ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਨਾਲ ਖੜ੍ਹਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਗੁਰੂ ਸਾਹਿਬਾਨ ਦੇ ਨਾਮ ਉੱਤੇ ਵੱਸਦੇ ਪੰਜਾਬ ਅੰਦਰ ਅੱਜ ਬਲਾਤਕਾਰੀ ਮਾਨਸਿਕਤਾ ਵਾਲੇ ਡੇਰੇਦਾਰਾਂ ਨੂੰ ਉਭਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਲਾਤਕਾਰੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਪੰਜਾਬ ਅੰਦਰ ਇਸੇ ਤਰ੍ਹਾਂ ਉਭਾਰਿਆ ਗਿਆ ਸੀ ਅਤੇ ਅੱਜ ਵੀ ਸਰਕਾਰ ਵੱਲੋਂ ਉਸਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਅਜਿਹੇ ਸਮਾਜ ਵਿਰੋਧੀ ਤੇ ਜੁਲਮੀ ਮਾਨਸਿਕਤਾ ਵਾਲੇ ਲੋਕਾਂ ਨੂੰ ਸੂਬੇ ਅੰਦਰ ਕਿਉਂ ਪ੍ਰਫੁੱਲਿਤ ਹੋਣ ਦਿੱਤਾ ਜਾ ਰਿਹਾ ਹੈ?

ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਉਭਰ ਰਹੇ ਮਨੁੱਖਤਾ ਵਿਰੋਧੀ, ਸਿੱਖ ਵਿਰੋਧੀ ਤੇ ਪਖੰਡਵਾਦ ਦੇ ਡੇਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਤੁਰੰਤ ਸੀਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੀਆਂ ਧੀਆਂ ਅਤੇ ਭੈਣਾਂ ਦੀ ਇੱਜ਼ਤ ਨੂੰ ਅਜਿਹੇ ਡੇਰੇਦਾਰਾਂ ਦੇ ਹੱਥਾਂ ਵਿੱਚ ਕਦੇ ਰੁਲਣ ਨਹੀਂ ਦੇਣਗੇ ਅਤੇ ਇਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਧਰਮ ਨੂੰ ਆੜ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਜਥੇਦਾਰ ਗੜਗੱਜ ਨੇ ਪੀੜਤ ਬੀਬੀਆਂ ਨੂੰ ਗੁਰੂ ਸਾਹਿਬ ਉੱਤੇ ਭਰੋਸਾ ਰੱਖਣ ਦਾ ਹੌਂਸਲਾ ਦਿੱਤਾ ਅਤੇ ਉਨ੍ਹਾਂ ਵੱਲੋਂ ਅਖੌਤੀ ਪਾਸਟਰ ਬਜਿੰਦਰ ਦੇ ਖ਼ਿਲਾਫ਼ ਅਵਾਜ਼ ਉਠਾਉਣ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਬੀਬੀਆਂ ਬਹੁਤ ਬਹਾਦਰ ਹਨ ਜਿਨ੍ਹਾਂ ਨੇ ਹਿੰਮਤ ਕਰਕੇ ਇੱਕ ਪਖੰਡਵਾਦੀ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ, ਇਸ ਲਈ ਇਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਹਰ ਧਰਮ ਦੇ ਲੋਕ ਆਪੋ ਆਪਣੇ ਧਰਮ ਵਿੱਚ ਪੱਕੇ ਰਹਿਣ ਅਤੇ ਸਮਾਜ ਅੰਦਰ ਭਾਈਚਾਰਕ ਸਾਂਝ ਕਾਇਮ ਰਹਿਣੀ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਇਸਾਈ ਭਾਈਚਾਰੇ ਦੇ ਧਾਰਮਿਕ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਅਖੌਤੀ ਪਖੰਡਵਾਦੀਆਂ ਤੇ ਬਲਾਤਕਾਰੀ ਮਾਨਸਿਕਤਾ ਵਾਲੇ ਲੋਕਾਂ ਦੀ ਪਛਾਣ ਕਰਨ ਅਤੇ ਇਨ੍ਹਾਂ ਵਿਰੁੱਧ ਖੁਦ ਅਵਾਜ਼ ਉਠਾਉਣ। ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬਗੀਚਾ ਸਿੰਘ ਤੇ ਪੀੜਤ ਬੀਬੀਆਂ ਦੇ ਪਰਿਵਾਰ ਮੌਜੂਦ ਰਹੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version