(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

         

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ-ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਆਰੰਭਤਾ ਸਮੇਂ ਅਰਦਾਸ ਉਪਰੰਤ ਗਿਆਨੀ ਅਮਰਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਅਤੇ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਚੌਰ ਸਾਹਿਬ ਦੀ ਸੇਵਾ ਵੀ ਨਿਭਾਈ।

ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਧਾਰਮਿਕ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਤੇ ਨਿਹੰਗ ਸਿੰਘ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਪਲਾਜ਼ਾ ਘੰਟਾ ਘਰ, ਜ਼ਲ੍ਹਿਆਂ ਵਾਲਾ ਬਾਗ, ਲੱਕੜ ਮੰਡੀ ਬਜ਼ਾਰ, ਸੁਲਤਾਨਵਿੰਡ ਗੇਟ, ਪਾਣੀ ਵਾਲੀ ਟੈਂਕੀ, ਸਵਰਨ ਹਾਊਸ, ਗੋਲਡਨ ਕਲਾਥ ਮਾਰਕੀਟ, ਸੁਲਤਾਨਵਿੰਡ ਰੋਡ, ਤੇਜ ਨਗਰ ਚੌਕ, ਬਜ਼ਾਰ ਸ਼ਹੀਦ ਊਧਮ ਸਿੰਘ ਨਗਰ, ਬਜ਼ਾਰ ਕੋਟ ਮਾਹਣਾ ਸਿੰਘ ਅਤੇ ਤਰਨ ਤਾਰਨ ਰੋਡ ਆਦਿ ਥਾਵਾਂ ’ਤੇ ਸੰਗਤ ਨੇ ਭਰਵਾਂ ਸਵਾਗਤ ਕਰਦਿਆਂ ਸਤਿਕਾਰ ਭੇਟ ਕੀਤਾ। ਨਗਰ ਕੀਰਤਨ ਵਿਚ ਜਿਥੇ ਗਤਕਾ ਤੇ ਬੈਂਡ ਪਾਰਟੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ, ਉਥੇ ਹੀ ਵੱਖ-ਵੱਖ ਪੜਾਵਾਂ ’ਤੇ ਸੰਗਤਾਂ ਵੱਲੋਂ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version