(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)











ਗੁਰੂਬਾਣੀ ਰਿਸਰਚ ਫਾਉਂਡੇਸ਼ਨ (ਦਿੱਲੀ) ਵਲੋਂ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ ਦੀ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਬੱਚਿਆਂ ਨੂੰ ਗੁਰਮਤਿ ਅਤੇ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਇਸ ਕਵਾਇਦ ਵਿੱਚ ਸੰਸਥਾ ਵੱਲੋਂ ਗੁਰਦੁਆਰਾ ਸਾਹਿਬਾਨ ਵਿਖੇ ਹੋਲੇ ਮਹੱਲੇ ਅਤੇ ਸਿੱਖ ਪੰਥ ਦੇ ਨਵੇਂ ਸਾਲ ਦੀ ਆਮਦ ਮੌਕੇ ’ਤੇ ਧਾਰਮਿਕ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਜੋ ਕਿ ਪੰਥਕ ਸੇਵਾਦਾਰ ਵੀ ਹਨ ਨੇ ਕਿਹਾ ਕਿ ਕਿਸੇ ਵੀ ਸਮਾਜ ਦਾ ਭਵਿੱਖ ਉਸ ਦੇ ਬੱਚੇ ਹੁੰਦੇ ਹਨ, ਇਸ ਲਈ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਨੇ ਜਦੋਂ ਤੋਂ ਸੇਵਾ ਸੰਭਾਲੀ ਹੈ, ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਰ ਸੰਭਵ ਉਪਰਾਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਅਸੀਂ ਜਲਦ ਹੀ ਇਕ ਹੋਰ ਬਹੁਤ ਵੱਡਾ ਉਪਰਾਲਾ ਜਨਕਪੁਰੀ ਦਿੱਲੀ ਹਾਟ ਵਿਖ਼ੇ ਕਰਣ ਜਾ ਰਹੇ ਹਾਂ ਜਿਸ ਵਿਚ ਗੁਰੂਬਾਣੀ ਦੇ ਕੰਠ ਮੁਕਾਬਲੇ ਹੋਣਗੇ ਤੇ ਇੰਨ੍ਹਾ ਵਿਚ ਜਿੱਤਣ ਵਾਲਿਆਂ ਨੂੰ ਵੱਡੇ ਇਨਾਮਾ ਨਾਲ ਸਨਮਾਨਿਤ ਕੀਤਾ ਜਾਏਗਾ।
ਉਨ੍ਹਾਂ ਦੇ ਅਸ਼ੋਕ ਨਗਰ ਗੁਰਦੁਆਰਾ ਕਮੇਟੀ ਅਤੇ ਪ੍ਰੋਗਰਾਮ ਕਰਵਾਉਣ ਵਿਚ ਮਦਦ ਕਰਣ ਵਾਲਿਆਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਤੇ ਅੱਗੇ ਵੀ ਇਸੇ ਤਰ੍ਹਾਂ ਸਾਰਿਆਂ ਵਲੋਂ ਸਹਿਯੋਗ ਮਿਲਦੇ ਰਹਿਣ ਦਾ ਭਰੋਸਾ ਪ੍ਰਗਟ ਕੀਤਾ। ਇਸ ਮੌਕੇ ਦਲਜੀਤ ਸਿੰਘ ਸੱਚਰ, ਨਿਰਮਲ ਸਿੰਘ, ਅਮਰਜੀਤ ਸਿੰਘ ਬਰਾੜ, ਅਮਰਜੀਤ ਸਿੰਘ ਸਹਿਗਲ, ਬੀਬੀ ਰਵਿੰਦਰ ਕੌਰ, ਬੀਬੀ ਪਰਵਿੰਦਰ ਕੌਰ, ਬੀਬੀ ਗੁਰਦੀਪ ਕੌਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਹਾਜਿਰ ਸਨ।