(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਉੱਤਰਾਖੰਡ ਵਿਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ 2700 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਲਈ ਮਨਜ਼ੂਰੀ ਦੇਣ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਅਸਥਾਨ ’ਤੇ ਬੈਠ ਕੇ ਤੱਪ ਕੀਤਾ, ਉਹ ਅਸਥਾਨ ਅੱਜ ਸਮੁੱਚੇ ਸਿੱਖ ਭਾਈਚਾਰੇ ਲਈ ਸ੍ਰੀ ਹੇਮੁਕੰਟ ਸਾਹਿਬ ਦੇ ਨਾਂ ’ਤੇ ਸਭ ਤੋਂ ਪਵਿੱਤਰ ਅਸਥਾਨਾਂ ਵਿਚੋਂ ਇਕ ਹੈ। ਉਹਨਾਂ ਕਿਹਾ ਕਿ ਇਸ ਅਸਥਾਨ ਦੇ ਦਰਸ਼ਨਾਂ ਵਾਸਤੇ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਲੱਖਾਂ ਸ਼ਰਧਾਲੂ ਪਹੁੰਚਦੇ ਹਨ। ਉਹਨਾਂ ਕਿਹਾ ਕਿ ਉੱਚਾ ਪਹਾੜੀ ਰਸਤਾ ਹੋਣ ਕਾਰਣ ਸ਼ਰਧਾਲੂ ਬਹੁਤ ਮੁਸ਼ਕਿਲ ਨਾਲ ਗੁਰਦੁਆਰਾ ਸਾਹਿਬ ਵਾਲੀ ਥਾਂ ਪਹੁੰਚਦੇ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਇਸ ਅਸਥਾਨ ਲਈ 2700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰੋਪਵੇਅ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਨਾਲ ਸ਼ਰਧਾਲੂਆਂ ਨੂੰ ਵੱਡਾ ਲਾਭ ਮਿਲੇਗਾ। ਉਹਨਾਂ ਕਿਹਾ ਕਿ ਰੋਜ਼ਾਨਾ 11 ਹਜ਼ਾਰ ਤੋਂ ਵੱਧ ਸ਼ਰਧਾਲੂ ਇਸ ਪ੍ਰਾਜੈਕਟ ਰਾਹੀਂ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਬਹੁਤ ਸਾਰੇ ਸ਼ਰਧਾਲੂ ਜੌ ਦਰਸ਼ਨਾਂ ਦੀ ਇੱਛਾ ਤੇ ਰੱਖਦੇ ਸਨ ਪਰ ਉਮਰ ਦਾ ਤਕਾਜ਼ਾ ਹਨ ਕਰਕੇ ਜਾ ਸ਼ਰੀਰਕ ਤੌਰ ਤੇ ਫਿਰ ਨਾ ਹੋਣ ਕਾਰਨ ਦਰਸ਼ਨ ਨਹੀਂ ਕਰ ਸਕਦੇ ਸੀ ਉਹ ਵੀ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਦਰਸ਼ਨ ਕਰ ਪਾਉਣਗੇ।
ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਰਾਹ ਪੱਧਰਾ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਵਾਸਤੇ ਰਾਹ ਪੱਧਰਾ ਕੀਤਾ ਹੈ ਜਿਸ ਲਈ ਸਮੁੱਚਾ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਹਮੇਸ਼ਾ ਧੰਨਵਾਦੀ ਰਹੇਗਾ।