ਹਰਮੀਤ ਸਿੰਘ ਕਾਲਕਾ ਵਲੋਂ ਕੀਤੇ ਗਏ ਦਾਅਵੇ ਹਾਸੋਹੀਣੇ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪੰਥਕ ਸਿਆਸਤ ਦੇ ਬਾਬਾ ਬੋਹੜ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਮੌਕੇ ਜੋ ਆਪਣੇ ਆਪ ਨੂੰ ਬਾਗ਼ੀ ਅਕਾਲੀ ਕਹਾਉਂਦੇ ਲੋਕਾਂ ਵੱਲੋਂ ਜੋ ਇਕੱਤਰਤਾ ਕੀਤੀ ਗਈ ਹੈ । ਇਹ ਸਾਬਤ ਕਰਦਾ ਹੈ ਕਿ ਇਹ ਇਕੱਤਰਤਾ ਸੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਪੰਜਾਬ ਵਿੱਚੋਂ ਅਕਾਲੀ ਵਿਰਾਸਤ ਦਾ ਖ਼ਾਤਮਾ ਲੋਚਣ ਵਾਲੇ (ਆਗੁਆਂ ਦੇ ਪੱਖ ਤੋਂ ) ਲੋਕਾਂ ਦੀ ਇਕੱਤਰਤਾ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸ ਇਕੱਤਰਤਾ ਵਿੱਚ ਜਿਹੜੇ ਵੀ ਧੜੇ ਤੇ ਆਗੂ ਸ਼ਾਮਲ ਹੋਏ ਹਨ। ਉਹਨਾਂ ਵਿੱਚੋਂ ਬਹੁਤ ਸਾਰਿਆਂ ਦੀ ਭਾਜਪਾ ਤੇ ਸੰਘ ਨਾਲ ਸਾਂਝ ਕਿਸੇ ਤੋਂ ਲੁਕੀ ਛੁਪੀ ਨਹੀਂ। ਜਦਕਿ ਸਭ ਨੂੰ ਪਤਾ ਹੈ ਕਿ ਜਥੇਦਾਰ ਟੌਹੜਾ ਸੰਘ ਦੀ ਵਿਚਾਰਧਾਰਾ ਨੂੰ ਕਿਸ ਤਰ੍ਹਾਂ ਪੰਥ ਲਈ ਖਤਰਨਾਕ ਮੰਨਦੇ ਸਨ। ਉਹਨਾਂ ਦੀ ਜਨਮ ਸ਼ਤਾਬਦੀ ਨਾਮ ਤੇ ਸੰਘੀ ਵਿਚਾਰਧਾਰਾ ਦੇ ਪੈਰੋਕਾਰਾਂ ਦਾ ਇਕੱਤਰ ਹੋਣਾ ਉਹ ਪੰਥਕ ਰੂਹ ਦਾ ਨਿਰਾਦਰ ਹੈ।
ਇਸ ਇਕੱਤਰਤਾ ਵਿੱਚ ਜੋ ਦਾਅਵੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਾਅਵੇ ਕੀਤੇ ਹਨ । ਉਹ ਸਾਰੇ ਹੀ ਹਾਸੋਹੀਣੇ ਤੇ ਤੱਥਾਂ ਤੋਂ ਦੂਰ ਹਨ। ਕਾਲਕਾ ਦਾ ਇਹ ਕਹਿਣਾ ਕਿ ਉਹਨਾਂ ਨੇ ਅਕਾਲੀ ਦਲ ਦਿੱਲੀ ਸਟੇਟ ਜਥੇਦਾਰ ਸਾਬ੍ਹ ਦੀ ਸੋਚ ਤੇ ਪਹਿਰਾ ਦੇਣ ਲਈ ਬਣਾਇਆ ਹੈ ਤਾਂ ਉਹ ਦੱਸੇ ਕਿ ਗੁਰਦੁਆਰਿਆਂ ਤੇ ਕਬਜ਼ੇ ਕਰਨਾ ਤੇ ਆਪਣੇ ਹੀ ਕਾਲਜਾਂ ਵਿੱਚ ਗੁਰਸਿੱਖ ਵਿਦਿਆਰਥੀਆਂ ਤੇ ਹਮਲੇ ਕਰਵਾਉਣਾ ਜਥੇਦਾਰ ਟੌਹੜਾ ਸਾਬ੍ਹ ਦੀ ਸੋਚ ਸੀ ?
ਇਸ ਟੋਲੇ ਨੇ ਇਕੱਤਰਤਾ ਕਰਕੇ ਕੌਮ ਅੱਗੇ ਆਪਣਾ ਆਪ ਜ਼ਾਹਰ ਕਰ ਦਿੱਤਾ ਹੈ ਕਿ ਇਹ ਸਾਰਾ ਟੋਲਾ ਚਾਹੇ ਕਿਸੇ ਵੀ ਧੜੇ ਦੇ ਰੂਪ ਵਿੱਚ ਵਿਚਰਦਾ ਹੈ। ਪਰ ਇਹ ਸਾਰੇ ਅਸਲ ਵਿੱਚ ਭਾਜਪਾ ਦੇ ਹੱਥ ਠੋਕੇ ਹਨ। ਜੋ ਸਿੱਖਾਂ ਦੀ ਤਾਕਤ ਨੂੰ ਖੇਰੂ ਖੇਰੂ ਕਰਨ ਦੇ ਭਾਜਪਾਈ ਏਜੰਡੇ ਤੇ ਪਹਿਰਾ ਦੇ ਰਹੇ ਹਨ। ਜਥੇਦਾਰ ਟੌਹੜਾ ਦੀ ਸੋਚ ਤੇ ਨਹੀ।