(ਜਮਸ਼ੇਦਪੁਰ ਤੋਂ ਚਰਨਜੀਤ ਸਿੰਘ ਖਾਲਸਾ)
ਕੌਮੀ ਸਿੱਖ ਮੋਰਚਾ ਦੇ ਕੌਮੀ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਨੇ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਬਨਿਟ ਦਾ ਧੰਨਵਾਦ ਕੀਤਾ ਹੈ। ਰਾਸ਼ਟਰੀ ਰੋਪਵੇਅ ਵਿਕਾਸ ਪ੍ਰੋਗਰਾਮ ਤਹਿਤ ਹੇਮਕੁੰਟ ਸਾਹਿਬ ਰੋਪਵੇਅ ‘ਤੇ 2,730.13 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ 12.4 ਕਿਲੋਮੀਟਰ ਦਾ ਰੋਪਵੇਅ ਬਣਾਇਆ ਜਾਵੇਗਾ। ਇਸ ਸਮੇਂ ਸ਼ਰਧਾਲੂਆਂ ਨੂੰ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ ਤੱਕ 23-24 ਕਿਲੋਮੀਟਰ ਦੀ ਔਖੀ ਯਾਤਰਾ ਕਰਨੀ ਪੈਂਦੀ ਹੈ।
ਇਹ ਗੋਵਿੰਦਘਾਟ ਤੋਂ ਘੰਗਰੀਆਂ (13 ਕਿਲੋਮੀਟਰ) ਤੱਕ ਮੋਨੋਕੇਬਲ ਡੀਟੈਚਬਲ ਗੰਡੋਲਾ ‘ਤੇ ਆਧਾਰਿਤ ਹੋਵੇਗਾ। ਇਸ ਤੋਂ ਬਾਅਦ ਇਸ ਨੂੰ ਘੰਗਰੀਆਂ ਤੋਂ ਹੇਮਕੁੰਟ ਸਾਹਿਬ (11.85 ਕਿਲੋਮੀਟਰ) ਤੱਕ ਅਤਿ ਆਧੁਨਿਕ ਟ੍ਰਾਈਕੇਬਲ ਡੀਟੈਚਬਲ ਗੰਡੋਲਾ ਤਕਨੀਕ ਨਾਲ ਜੋੜਿਆ ਜਾਵੇਗਾ। ਰੋਪਵੇਅ ਹਰ ਘੰਟੇ 1100 ਯਾਤਰੀਆਂ ਅਤੇ ਹਰ ਰੋਜ਼ 11 ਹਜ਼ਾਰ ਯਾਤਰੀਆਂ ਨੂੰ ਲੈ ਕੇ ਜਾਵੇਗਾ। ਜਿਕਰਯੋਗ ਹੈ ਕਿ ਗੁਰਦੁਆਰਾ ਹੇਮਕੁੰਟ ਸਾਹਿਬ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੈ ਅਤੇ ਸਮੁੰਦਰ ਤਲ ਤੋਂ ਇਸ ਦੀ ਉਚਾਈ 15 ਹਜ਼ਾਰ ਫੁੱਟ ਹੈ। ਸੰਗਤਾਂ ਦੇ ਦਰਸ਼ਨ ਵਾਸਤੇ ਗੁਰਦੁਆਰਾ ਸਾਹਿਬ ਮਈ ਤੋਂ ਸਤੰਬਰ ਦਰਮਿਆਨ ਸਾਲ ਵਿੱਚ ਕਰੀਬ 5 ਮਹੀਨੇ ਖੁੱਲ੍ਹਦਾ ਹੈ ਤੇ ਹਰ ਸਾਲ ਲਗਭਗ 2 ਲੱਖ ਸ਼ਰਧਾਲੂ ਇੱਥੇ ਆਉਂਦੇ ਹਨ।
ਐਡਵੋਕੇਟ ਕੁਲਵਿੰਦਰ ਸਿੰਘ ਨੇ ਦਸਿਆ ਕਿ ਓਥੇ ਦੀ ਸੜਕ ਬਹੁਤ ਹੀ ਖਰਾਬ ਹੋਣ ਕਾਰਨ ਬਜ਼ੁਰਗ ਅਤੇ ਕਮਜ਼ੋਰ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਤੱਕ ਨਹੀਂ ਪਹੁੰਚ ਸਕਦੇ ਸਨ ਪਰ ਹੁਣ ਇਹ ਅਸਥਾਨ ਉਨ੍ਹਾਂ ਦੀ ਪਹੁੰਚ ਵਿੱਚ ਹੋਵੇਗਾ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇੱਕ ਵਾਰ ਇਹ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਵਡੀ ਗਿਣਤੀ ਅੰਦਰ ਸਿੱਖ ਇਸ ਅਸਥਾਨ ਦੇ ਦਰਸ਼ਨ ਕਰ ਸਕਣਗੇ। ਜਿਕਰਯੋਗ ਹੈ ਕਿ ਆਪਣੇ ਪਿਛਲੇ ਅਵਤਾਰ ਵਿੱਚ, ਗੁਰੂ ਗੋਬਿੰਦ ਸਿੰਘ ਜੀ ਇੱਥੇ ਅਕਾਲ ਪੁਰਖ ਦੀ ਭਗਤੀ ਲਈ ਆਏ ਸਨ। ਇਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਸਵੈ-ਜੀਵਨੀ ਬਚਿਤ੍ਰ ਨਾਟਕ ਵਿੱਚ ਇਸ ਅਸਥਾਨ ਦਾ ਜ਼ਿਕਰ ਕੀਤਾ ਹੈ। ਜਿੱਥੇ ਉਨ੍ਹਾਂ ਨੇ ਕਈ ਸਾਲਾਂ ਤੱਕ ਅਕਾਲ ਪੁਰਖ ਦੀ ਅਰਾਧਨਾ ਕੀਤੀ ਸੀ। ਓਥੇ ਦੇ ਸੱਤ ਪਹਾੜਾਂ ਦੇ ਵਿਚਕਾਰ ਬਰਫ਼ ਪਿਘਲਣ ਨਾਲ ਬਣਦੀ ਝੀਲ ਦੇ ਕੰਢੇ ‘ਤੇ ਗੁਰਦੁਆਰਾ ਹੇਮਕੁੰਡ ਸਾਹਿਬ ਬਣਾਇਆ ਗਿਆ ਹੈ ਅਤੇ ਸੱਤੇ ਪਹਾੜਾਂ ‘ਤੇ ਨਿਸ਼ਾਨ ਸਾਹਿਬ ਝੂਲਦੇ ਹਨ।