(ਮਨਪ੍ਰੀਤ ਸਿੰਘ ਖਾਲਸਾ)
ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਪਿਛਲੇ ਕੁਝ ਸਮੇਂ ਤੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਪੰਜਾਬ ਤੋਂ ਆ ਕੇ ਸਤਕਾਰ ਕਮੇਟੀ ਦੇ ਲੋਕ ਬਿਹਾਰ ਦੇ ਰਾਜੌਲੀ ਵਿੱਚ ਗਤੀਵਿਧੀਆਂ ਕਰਨ ਦੇ ਨਾਲ-ਨਾਲ ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਵੀ ਬਦਨਾਮ ਕਰਨ ਦਾ ਕੰਮ ਕਰ ਰਹੇ ਹਨ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਮੀਡੀਆ ਨੂੰ ਜਾਰੀ ਕੀਤਾ ਬਿਆਨ ਰਾਹੀਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਹਿੰਦਰਪਾਲ ਸਿੰਘ ਢਿੱਲੋ ਅਤੇ ਮੈਂਬਰ ਹਰਪਾਲ ਸਿੰਘ ਜੋਹਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਕਿ ਉਹ ਰਾਜੌਲੀ ਜਾ ਕੇ ਅਸਲੀ ਸੱਚਾਈ ਦਾ ਪਤਾ ਲਗਾਉਣ।
ਇਸ ਤੋਂ ਬਾਅਦ ਉਨ੍ਹਾਂ ਨੇ ਰਾਜੌਲੀ ਦਾ ਦੌਰਾ ਕਰਕੇ ਵੇਖਿਆ ਕਿ ਵਾਕਈ ਪੰਜਾਬ ਤੋਂ ਆਏ ਸਤਕਾਰ ਕਮੇਟੀ ਦੇ ਲੋਕ ਸਥਾਨਕ ਲੋਕਾਂ ਨੂੰ ਧਰਮ ਅਤੇ ਮਰਿਆਦਾ ਦੇ ਨਾਂ ‘ਤੇ ਤੰਗ ਕਰ ਰਹੇ ਹਨ ਅਤੇ ਤਖ਼ਤ ਪਟਨਾ ਕਮੇਟੀ ਵਿਰੁੱਧ ਬਿਆਨਬਾਜ਼ੀ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜੌਲੀ ਵਿੱਚ ਇਸ ਸਭ ਕਰਕੇ ਸ਼ਾਂਤੀ ਭੰਗ ਹੋਣ ਅਤੇ ਮਾਹੌਲ ਖਰਾਬ ਹੋਣ ਨਾਲ ਲੜਾਈ-ਝਗੜੇ ਦੇ ਵੀ ਆਸਾਰ ਬਣ ਰਹੇ ਸਨ।
ਸ਼੍ਰੀ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਪੂਰਬੀ ਭਾਰਤ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਅਧੀਨ ਆਉਂਦਾ ਹੈ, ਐਸੇ ਵਿੱਚ ਜੇ ਕਿਸੇ ਨੂੰ ਕਿਤੇ ਵੀ ਮਰਿਆਦਾ ਵਿੱਚ ਕਿਸੇ ਤਰ੍ਹਾਂ ਦੀ ਚੂਕ ਜਾਂ ਹੋਰ ਕੋਈ ਸ਼ਿਕਾਇਤ ਹੋਵੇ ਤਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਤਖ਼ਤ ਪਟਨਾ ਸਾਹਿਬ ਕਮੇਟੀ ਦੀ ਜਾਣਕਾਰੀ ਵਿੱਚ ਲਿਆਉਂਦੇ।
ਪਰ ਸਤਕਾਰ ਕਮੇਟੀ ਦੇ ਲੋਕ ਬਿਨਾਂ ਤਖ਼ਤ ਕਮੇਟੀ ਨੂੰ ਦੱਸੇ ਹੀ ਰਾਜੌਲੀ ਆ ਕੇ ਕੰਮ ਕਰ ਰਹੇ ਸਨ। ਜਿਸ ਤੋਂ ਬਾਅਦ ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਉਨ੍ਹਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਗਈ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੀ ਗਲਤੀ ਕਬੂਲ ਕਰਦਿਆਂ ਮਾਫੀ ਮੰਗੀ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦੀ ਗੱਲ ਵੀ ਕਹੀ।