(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ, ਜਦੋਂ ਬਾਦਲ ਕਮੇਟੀ ਨੇ ਜਥੇਦਾਰ ਸਾਹਿਬਾਨ ਨੂੰ ਜਾਬਰਾਨਾਂ ਤਰੀਕੇ ਨਾਲ ਬਰਤਫ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ‘ਤੇ ਸਿੱਧਾ ਹਮਲਾ ਕੀਤਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਕ ਪ੍ਰੈਸ ਨੋਟ ਰਾਹੀਂ ਮੈਂਬਰ ਪਾਰਲੀਮੈਂਟ ਤੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਪੰਥਕ ਸੇਵਾਦਾਰ ਅਤੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਸਰਗਰਮ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਰਾਹੀਂ ਕੀਤਾ।
ਉਹਨਾਂ ਕਿਹਾ ਕਿ ਇਹ ਸਿਰਫ਼ ਜਥੇਦਾਰ ਸਾਹਿਬਾਨਾਂ ਦੀ ਬਰਤਰਫ਼ੀ ਨਹੀਂ, ਸਗੋਂ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ‘ਤੇ ਆਖਰੀ ਹਮਲਾ ਕਰਨ ਦੀ ਨਾਪਾਕ ਸਾਜ਼ਿਸ਼ ਹੈ। ਸੁਖਬੀਰ ਸਿੰਘ ਬਾਦਲ, ਜੋ ਹਮੇਸ਼ਾ ਹੀ ਸਿੱਖ ਸਿਆਸਤ ਨੂੰ ਆਪਣੇ ਪਰਿਵਾਰਕ ਹਿੱਤਾਂ ਲਈ ਵਰਤਦੇ ਆਏ ਹਨ, ਹੁਣ ਸਿੱਖ ਕੌਮ ਦੀ ਧਾਰਮਿਕ ਖੁਦਮੁਖਤਿਆਰੀ ਨੂੰ ਵੀ ਨਿਗਲਣਾ ਚਾਹੁੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਸੁਖਬੀਰ ਦੀ ਕਿਚਨ ਕੈਬਨਿਟ ਜੋ ਸਿਰਫ਼ ਸਿੱਖ ਚੋਲੇ ਵਿੱਚ ਆਰਐਸਐਸ ਦੀ ਗੁਲਾਮੀ ਕਰ ਰਹੀ ਹੈ ਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੱਦੀ ਨੂੰ ਵੀ ਆਪਣੀ ਜਾਇਦਾਦ ਵਾਂਗ ਮੰਨਣ ਲੱਗ ਪਈ ਹੈ।
ਪਰ ਸਿੱਖ ਕੌਮ ਅਜਿਹੇ ਗੁਰੂ ਧਰੋਹੀਆਂ ਤੇ ਕਦੇ ਵੀ ਮੁਆਫ਼ ਨਹੀਂ ਕਰੇਗੀ ਤੇ ਇਨ੍ਹਾਂ ਨੂੰ ਆਪਣੀ ਪੰਥਕ ਤਾਕਤ ਨਾਲ ਜਵਾਬ ਦੇਵੇਗੀ। ਉਹਨਾਂ ਕਿਹਾ ਕਿ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਐਸਜੀਪੀਸੀ ਦੀ ਬਾਦਲੀ ਕਮੇਟੀ ਵੱਲੋਂ ਲਏ ਇਹਨਾਂ ਫੈਸਲਿਆਂ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਰਵਉੱਚਤਾ ਦੀ ਰਾਖੀ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਵੀ ਕਰਦੇ ਹਾਂ।
ਸਿੱਖ ਪੰਥ ਗੁਰੂ ਨਾਨਕ ਦੇ ਘਰ ਦੀ ਅਵਾਜ਼ ਨੂੰ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ ਬਣਨ ਦੇਵੇਗਾ। ਉਹਨਾਂ ਕਿਹਾ ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਇਹਨਾ ਗੁਰੂ ਦੋਖੀਆਂ, ਸਿੱਖ ਭੇਖੀਆਂ ਵਲੋਂ ਚਲਾਈਆਂ ਜਾ ਰਹੀ ਸਾਜ਼ਿਸ਼ਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਵਿਰੁੱਧ ਇਕੱਠੇ ਹੋਣ। ਸਾਨੂੰ ਆਪਣੇ ਧਾਰਮਿਕ ਸਥਾਨਾਂ ਦੀ ਸਰਵਉੱਚਤਾ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਲਈ ਹਰ ਵਕਤ ਤਿਆਰ ਰਹਿਣਾਂ ਪਵੇਗਾ।