ਸ਼ਹਾਦਤਾਂ ਨੂੰ ਯਾਦ ਰੱਖਣ ਦਾ ਫ਼ਰਜ ਅਸੀਂ ਭੁੱਲ ਰਹੇ ਹਾਂ-ਬਾਬਾ ਹਰਦੀਪ ਸਿੰਘ ਮਹਿਰਾਜ


(ਮਨਪ੍ਰੀਤ ਸਿੰਘ ਖਾਲਸਾ)
ਅੱਜ ਦੇ ਦਿਨ ਭਾਵ 26 ਮਾਰਚ 1986 ਨੂੰ ਸੱਤਾ ਦੇ ਹੰਕਾਰ ’ਚ ਉਸ ਵੇਲੇ ਦੀ ਅਕਾਲੀ ਦਲ ਬਰਨਾਲਾ ਦੀ ਹਕੂਮਤ ਨੇ ਹੋਲੇ ਮਹੱਲੇ ’ਤੇ ਗੋਲ਼ੀਬਾਰੀ ਕਰਵਾ ਕੇ ਕਈ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਕੁਝ ਗੰਭੀਰ ਰੂਪ ਵਿਚ ਫੱਟੜ ਹੋ ਗਏ ਸਨ। ਇਤਿਹਾਸਕ ਧਰਤੀ ’ਤੇ ਪੁਲਿਸ ਵੱਲੋਂ ਕਰਵਾਇਆ ਇਹ ਖ਼ੂਨ ਖਰਾਬਾ ਜਿੱਥੇ ਉਸ ਵੇਲੇ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਉਸ ਦੀ ਸਰਕਾਰ ’ਤੇ ਨਾ ਮਿਟਾਇਆ ਜਾਣ ਵਾਲਾ ਕਲੰਕ ਹੈ, ਉਥੇ ਹੀ ਸਾਨੂੰ ਵੀ ਇਹਨਾਂ ਸ਼ਹੀਦਾਂ ਦੀ ਯਾਦ ’ਚ ਕੋਈ ਸਮਾਗਮ ਕਰਨੇ ਚਾਹੀਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟ ਸਿੱਖ ਹਲਕਿਆਂ ’ਚ ਸਰਗਰਮ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਜਾਰੀ ਪ੍ਰੈਸ ਨੋਟ ਵਿਚ ਕੀਤਾ।
ਉਹਨਾਂ ਦੱਸਿਆ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਸਾਜਨਾ ਦਿਵਸ ’ਤੇ 1699 ਵਿਚ ਸ਼ੁਰੂ ਕੀਤਾ ਇਹ ਹੋਲਾ ਮਹੱਲਾ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਜਿਸ ਵਿਚ ਗੁਰੂ ਦੇ ਸਿੰਘ ਤੇ ਲਾਡਲੀਆਂ ਫੌਜਾਂ ਆਪਣੇ ਕਰਤੱਬ ਦਿਖਾਉਦੀਆਂ ਹਨ ਪਰ 26 ਮਾਰਚ 1986 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੇ ਮੈਦਾਨ ਵਿਚ ਪੁਲਿਸ ਨੇ ਦਮਦਮੀ ਟਕਸਾਲ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ’ਤੇ ਅੰਨੇਵਾਹ ਗੋਲ਼ੀ ਵਰਾ ਦਿੱਤੀ ਜਿਸ ਵਿਚ ਸ਼ਹੀਦ ਭਾਈ ਰਣਜੀਤ ਸਿੰਘ, ਭਾਈ ਮੇਜਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਸਤਨਾਮ ਸਿੰਘ ਤੇ ਕੁਲਵਿੰਦਰ ਸਿੰਘ ਸ਼ਹਾਦਤਾਂ ਦਾ ਜਾਮ ਪੀ ਗਏ ਜਦੋਂ ਕਿ ਇਕ ਹੋਰ ਸ਼ਹੀਦ ਸਿੰਘ ਦੀ ਲਾਸ਼ ਪਹਿਚਾਣੀ ਨਾ ਜਾ ਸਕੇ, ਇਸ ਗੋਲ਼ੀਬਾਰੀ ਵਿਚ ਪੰਦਰਾਂ ਤੋਂ ਵੱਧ ਸਿੱਖ ਗੰਭੀਰ ਫੱਟੜ ਹੋ ਗਏ ਸਨ। ਉਹਨਾਂ ਦੱਸਿਆ ਕਿ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਆਗੂ ਭਾਈ ਮੋਹਕਮ ਸਿੰਘ ਨੂੰ ਪੁਲਿਸ ਨੇ ਨਜਾਇਜ ਹਿਰਾਸਤ ਵਿਚ ਲਿਆ ਹੋਇਆ ਸੀ ਤੇ ਸਿੱਖ ਸੰਗਤ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਕੇ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਸੀ ਪਰ ਸੱਤਾ ਦੇ ਹੰਕਾਰ ’ਚ ਮੁੱਖ ਮੰਤਰੀ ਬਰਨਾਲਾ ਭੁੱਲ ਚੁੱਕਿਆ ਸੀ ਕਿ ਇਤਿਹਾਸਕ ਤਖ਼ਤ ਤੇ ਇਤਿਹਾਸਕ ਦਿਹਾੜੇ ਮੌਕੇ ਸਿੱਖ ਸਰਧਾਲੂਆਂ ਦਾ ਖ਼ੂਨ ਡੋਲਣ ਦਾ ਸਦਾ ਲਈ ਕਲੰਕ ਖੱਟ ਰਿਹਾ ਹੈ। ਉਹਨਾਂ ਸਮੂਹ ਸਿੱਖ ਸੰਗਤ ਨੂੰ ਵੀ ਬੇਨਤੀ ਕੀਤੀ ਕਿ ਇਹਨਾਂ ਸ਼ਹੀਦਾਂ ਦੀ ਸ਼ਹਾਦਤਾਂ ਨੂੰ ਯਾਦ ਰੱਖਣ ਤੇ ਇਤਿਹਾਸ ਦਾ ਵਰਕਾ ਬਣਾਉਣ ਲਈ ਇਸੇ ਦਿਨ ਉਹਨਾਂ ਦੀ ਯਾਦ ’ਚ ਸਮਾਗਮ ਰੱਖ ਚਾਹੀਦਾ ਹੈ।