ਮਨਪ੍ਰੀਤ ਸਿੰਘ ਖਾਲਸਾ.

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸਿਆਸੀ ਵਿਰੋਧੀਆਂ ਦੇ ਕੂੜ ਪ੍ਰਚਾਰ ਦੇ ਬਾਵਜੂਦ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 90 ਫੀਸਦੀ ਤੋਂ ਵੱਧ ਮੌਜੂਦਾ ਅਤੇ ਸੇਵਾਮੁਕਤ ਸਟਾਫ ਨੇ 19 ਫਰਵਰੀ 2026 ਨੂੰ ਹੋਏ ਐਮ.ਓ.ਯੂ. ‘ਤੇ ਦਸਤਖ਼ਤ ਕਰਕੇ ਕਮੇਟੀ ‘ਤੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬਕਾਇਆ ਭੁਗਤਾਨ ਮਾਮਲੇ ਦੀ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਅਦਾਲਤ ਨੇ ਕਮੇਟੀ ਦੀਆਂ ਦਲੀਲਾਂ ਨੂੰ ਸਵੀਕਾਰ ਕਰਦਿਆਂ ਵਿਰੋਧੀ ਧਿਰ ਵੱਲੋਂ ਗੁਰੂ ਘਰ ਦੀਆਂ ਜਾਇਦਾਦਾਂ ਨੂੰ ਸਕਿਓਰਿਟੀ ਵਜੋਂ ਜ਼ਬਤ ਕਰਨ ਜਾਂ ਮੁਲਾਂਕਣ ਕਰਵਾਉਣ ਦੀ ਮੰਗ ਨੂੰ ਤਵੱਜੋ ਨਹੀਂ ਦਿੱਤੀ। ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਕਮੇਟੀ 2006 ਤੋਂ 2020 ਤੱਕ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਬਣਦੀ ਰਕਮ ਅਦਾ ਕਰ ਚੁੱਕੀ ਹੈ, ਜਦਕਿ 2021-22 ਦੇ ਕਰਮਚਾਰੀਆਂ ਲਈ ਤੈਅ ਕੀਤੀਆਂ 14 ਕਿਸ਼ਤਾਂ ਵਿੱਚੋਂ 6 ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਕਮ ਵੀ ਐਮ.ਓ.ਯੂ. ਅਨੁਸਾਰ ਸਮੇਂ ਸਿਰ ਅਦਾ ਕਰਨ ਲਈ ਕਮੇਟੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਹਰ ਤਿੰਨ ਮਹੀਨਿਆਂ ਬਾਅਦ ਮਾਮਲੇ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ ਅਤੇ ਪਹਿਲਾਂ ਦਿੱਤੇ ਹਲਫ਼ਨਾਮੇ ਤੋਂ ਇਲਾਵਾ ਗੁਰੂ ਘਰ ਦੀਆਂ ਜਾਇਦਾਦਾਂ ਵੇਚਣ ਜਾਂ ਗਹਿਣੇ ਰੱਖਣ ਸਬੰਧੀ ਕੋਈ ਨਵਾਂ ਹਲਫ਼ਨਾਮਾ ਦਾਇਰ ਕਰਨ ਦੀ ਲੋੜ ਨਹੀਂ ਦੱਸੀ। ਉਨ੍ਹਾਂ ਸੰਗਤਾਂ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਦਸਵੰਧ ਰਾਹੀਂ ਸਹਿਯੋਗ ਦੇਣ ਦੀ ਅਪੀਲ ਕੀਤੀ।

Share.
© 2026 (ਫਤਿਹ ਲਾਈਵ) FatehLive.com. Designed by Forever Infotech.
Exit mobile version