(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਅੱਜ ਹੋਈ ਮੀਟਿੰਗ ਵਿਚ 19 ਫਰਵਰੀ ਨੂੰ ਦਿੱਲੀ ਵਿਚ ਇਕ ਪੰਥਕ ਕਨਵੈਨਸ਼ਨ ਸੱਦ ਕੇ ਕੌਮ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇਕਜੁੱਟ ਹੋ ਕੇ ਫੈਸਲੇ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ.
ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਕੌਮ ਨੂੰ ਦਰਪੇਸ਼ ਭੱਖਦੇ ਮਸਲਿਆਂ ’ਤੇ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਅੱਜ ਵੇਖਣ ਵਿਚ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਜਿਸ ਤਰੀਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਹੋਰ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਉਸ ਤੋਂ ਸਮੁੱਚੇ ਸਿੱਖ ਜਗਤ ਵਿਚ ਰੋਸ ਹੈ। ਉਹਨਾਂ ਕਿਹਾ ਕਿ ਇਸੇ ਲਈ ਅਸੀਂ ਫੈਸਲਾ ਲਿਆ ਹੈ ਕਿ ਸਮੁੱਚੇ ਦੇਸ਼ ਦੇ ਸਿੱਖਾਂ ਇਕ ਸਾਂਝੀ ਪੰਥਕ ਕਨਵੈਨਸ਼ਨ ਕਰਵਾਈ ਜਾਵੇ ਜੋ 19 ਫਰਵਰੀ ਨੂੰ ਸ਼ਾਮ 4.00 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਵੇਗੀ ਜਿਸ ਵਿਚ ਪੰਥ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ ਕਰ ਕੇ ਅਗਲੇਰੀ ਰੂਪ ਰੇਖਾ ਉਲੀਕੀ ਜਾਵੇਗੀ।
ਉਹਨਾਂ ਕਿਹਾ ਕਿ ਅੱਜ ਪੰਥਕ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਇਕਜੁੱਟ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਨਵੈਨਸ਼ਨ ਵਿਚ ਅਸੀਂ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨ, ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ ਤੇ ਦੇਸ਼ ਭਰ ਦੀਆਂ ਸਿੰਘ ਸਭਾਵਾਂ ਭਾਵੇਂ ਹੈਦਰਾਬਾਦ, ਕਲਕੱਤਾ, ਇੰਦੌਰ ਤੇ ਭਾਵੇਂ ਆਸਾਮ ਦੀਆਂ ਹੋਣ, ਉਹਨਾਂ ਨੂੰ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਕਨਵੈਨਸ਼ਨ ਵਿਚ ਇਸ ਗੱਲ ’ਤੇ ਚਰਚਾ ਕੀਤੀ ਜਾਵੇਗੀ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ, ਉਹਨਾਂ ਨਾਲ ਕਿਵੇਂ ਨਜਿੱਠਣਾ ਹੈ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਾਲਾ ਇਤਿਹਾਸ ਲਿਖਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਤੇ ਉਹਨਾਂ ਨੂੰ ਕਨਵੈਨਸ਼ਨ ਵਿਚ ਸੱਦਣ ਦੀ ਕੋਈ ਤੁੱਕ ਨਹੀਂ ਬਣਦੀ।
ਉਹਨਾਂ ਹੋਰ ਕਿਹਾ ਕਿ ਅਸੀਂ ਉਹਨਾਂ ਨੂੰ ਸੁਚੇਤ ਕਰਵਾਂਗੇ ਕਿ ਜੇਕਰ ਤੁਸੀਂ ਅਜਿਹੇ ਕਦਮ ਚੁੱਕੋਗੇ ਤਾਂ ਕੌਮ ਤੁਹਾਡਾ ਨੋਟਿਸ ਲਵੇਗੀ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਦਿੱਲੀ ਵਿਚ ਚੋਣਾਂ ਵਿਚ ਜਿਸ ਕਿਸੇ ਨੇ ਵੀ ਸਿੱਖ ਉਮੀਦਵਾਰ ਨੇ ਮਦਦ ਮੰਗੀ, ਅਸੀਂ ਉਹਨਾਂ ਦੀ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ ਤੇ ਸਰਦਾਰ ਤਰਵਿੰਦਰ ਸਿੰਘ ਮਰਵਾਹ ਦੀ ਅਸੀਂ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੀ ਸੀਟ ’ਤੇ ਸਿੱਖ ਉਮੀਦਵਾਰਾਂ ਨੇ ਮਦਦ ਮੰਗੀ ਹੈ, ਅਸੀਂ ਮਦਦ ਕੀਤੀ ਹੈ।
ਉਹਨਾਂ ਕਿਹਾ ਕਿ ਸਰਕਾਰਾਂ ਨਾਲ ਸੁਖਾਵੇਂ ਸੰਬੰਧਾਂ ਕਰ ਕੇ ਅਸੀਂ ਬਕਾਇਆ ਰਹਿੰਦੇ ਮਾਮਲੇ ਵੀ ਨਿਪਟਾਵਾਂਗੇ।