(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਤੀਜੇ ਘੱਲੂਘਾਰੇ ਸਾਕਾ ਨੀਲਾ ਤਾਰਾ ਦੀ 40 ਵੀਂ ਵਰ੍ਹੇਗੰਢ ਤੇ ਬੁੜ੍ਹੈਲ ਜੇਲ੍ਹ ਚੋਂ ਭਾਈ ਤਾਰਾ ਅਤੇ ਭਾਈ ਭਿਓਰਾ ਨੇ ਪੰਥ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਪੰਥ ਦੀ ਆਤਮਾ ਦੇ ਗਰਭ ਚੋਂ ਓੁਠੀ ਬਗਾਵਤ ਦੀ ਸੁਰ ਅੱਜ ਦੁਨੀਆ ਦੀ ਰਾਜਨੀਤੀ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹੋ ਜਿਹੀਆਂ ਬਗਾਵਤਾਂ ਦੀ ਅੱਗ ਨੂੰ ਲਾਂਬੂ ਲਾਓੁਣ ਵਾਲੇ ਆਗੂ ਸਦੀਆਂ ਬਾਅਦ ਵੱਡੇ ਭਾਗਾਂ ਨਾਲ ਮਿਲਦੇ ਹਨ। ਸਿੱਖਾਂ ਦਾ ਇਤਿਹਾਸ ਵਾਰ-ਵਾਰ ਸਿੱਖਾਂ ਤੇ ਸਵਾਲ ਕਰ ਰਿਹਾ ਸੀ ਫਿਰ ਸਿੱਖਾਂ ਨੇ ਇਤਿਹਾਸ ਨੂੰ ਸਵਾਲ ਕੀਤਾ ਤਾਂ ਇਤਿਹਾਸ ਨੇ ਓੁਤਰ ਵਜੋਂ ਸਾਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦਿੱਤੇ ਜੋ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਫੌਜ ਅਤੇ ਚਾਰ ਦੇਸ਼ਾਂ ਨਾਲ ਇਕੱਲੇ ਟਕਰਾਏ ਅਤੇ ਇਤਿਹਾਸ ਦਾ ਮਾਣ ਰੱਖਦਿਆਂ ਹੋਇਆਂ ਸ਼ਹੀਦ ਹੋਏ।
ਦੁਨੀਆ ਵਿੱਚ ਜੰਗਾਂ ਸਾਮ੍ਹਣੇ ਵਾਲੇ ਨੂੰ ਬਿਗਾਨਾ ਜਾਂ ਗੈਰ ਸਮਝਕੇ ਹੁੰਦੀਆਂ ਹਨ ਅਤੇ ਦੁਸ਼ਮਣ ਇੱਕੇ ਦੂਜੇ ਨੂੰ ਬਿਗਾਨਾ ਕਹਿੰਦੇ ਹਨ ਪਰ ਸਿੱਖਾਂ ਦੇ ਗਲ ਪਈ ਲੜਾਈ ਬੜੀ ਵਿਲੱਖਣ ਹੈ ਕਿਓਂਕਿ ਬਿਪਰ ਸਾਨੂੰ ਬੇਗਾਨੇ ਨਹੀਂ ਆਪਣਾ ਅੰਗ ਦੱਸਦਾ ਹੈ। ਇਹ ਗੱਲ ਬੂਟੇ ਨੂੰ ਪਾਣੀ ਦੀ ਜਗ੍ਹਾ ਸ਼ਰਬਤ ਪਾਓੁਣ ਵਰਗੀ ਹੈ ਜੋ ਇੱਕ ਸਮੇਂ ਚੰਗਾ ਲੱਗਦਾ ਹੈ ਪਰ ਅੰਤ ਹੌਲੀ-ਹੌਲੀ ਓੁਸ ਬੂਟੇ ਨੂੰ ਕੀੜੇ ਖਾ ਜਾਂਦੇ ਹਨ। ਸਾਡਾ ਸ਼ਹੀਦ ਵੀਰ ਭਾਈ ਸੰਦੀਪ ਸਿੰਘ ਸਿੱਧੂ ਕਿਹਾ ਕਰਦਾ ਸੀ ਕਿ, “ਇਹ ਸਾਡੀ ਹੋਂਦ ਦੀ ਲੜਾਈ ਹੈ”, ਪਰ ਕੀ ਅਸੀਂ ਕਦੇ ਸਮਝਣ ਦਾ ਯਤਨ ਕੀਤਾ ਹੈ ਕਿ ਓਹ ਹੋਂਦ ਕਿਹੜੀ ਹੈ? ਓੁਸ ਹੋਂਦ ਬਾਰੇ ਪੰਜਵੇਂ ਪਾਤਸ਼ਾਹ ਫੁਰਮਾਓੁਂਦੇ ਹਨ ਕਿ “ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥”
ਇਹ ਲੜਾਈ ਓੁਸ ਦਿਨ ਹੀ ਸ਼ੁਰੂ ਹੋ ਗਈ ਸੀ ਜਿਸ ਦਿਨ ਸੰਵਿਧਾਨ ਦੀ ਧਾਰਾ 25 ਬੀ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸ ਦਿੱਤਾ ਗਿਆ ਸੀ। ਅੱਜ ਤੱਕ ਵਿਦਵਾਨਾਂ ‘ਤੇ ਬੁੱਧੀਜੀਵਆਂ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਬਹੁਤ ਕਾਰਨ ਦਿੱਤੇ ਹਨ ਪਰ ਇੱਕ ਕਾਰਨ ਹਮੇਸ਼ਾਂ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਅਤੇ ਓੁਹ ਕਾਰਨ ਹੈ ਸਿੱਖਾਂ ਦਾ ਇੱਕ ਆਗੂ ਗੁਰੂ ਦੇ ਤੱਖਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਤਖ਼ਤ ਨੂੰ ਚੁਣੌਤੀ ਦੇਕੇ ਕਹਿ ਰਿਹਾ ਸੀ ਕਿ “ਸਿੱਖ ਇੱਕ ਵੱਖਰੀ ਕੌਮ ਹੈ”, ਲੜਾਈ ਦੀ ਜੜ ਹੀ ਇੱਥੇ ਪਈ ਹੈ। ਸਾਡੀ ਹੋਂਦ ਨੂੰ ਮਿਟਾਉਣ ਲਈ ਕਦੇ ਝੂਠੇ ਪੁਲਿਸ ਮੁਕਾਬਲੇ, ਕਦੇ ਲੱਚਰਵਾਦ, ਗੈਂਗਸ਼ਟਰਵਾਦ, ਕਦੇ ਨਸ਼ਿਆਂ ਦੇ ਦੌਰ ਚਲਾਏ ਗਏ ਪਰ ਅਸੀਂ ਸਮਝ ਨਹੀਂ ਸਕੇ। ਸਾਡੇ ਵੀਰ ਭਾਈ ਅੰਮ੍ਰਿਤਪਾਲ ਸਿੰਘ ਨੇ ਨਸ਼ਿਆਂ ਨਾਲ ਹੋ ਰਹੀ ਨਸਲਕੁਸ਼ੀ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਅਤੇ ਓੁਸਨੂੰ ਬੰਨ੍ਹ ਮਾਰਨ ਲਈ ਬੜਾ ਵੱਡਾ ਸੰਘਰਸ਼ ਲੜਿਆ।
“ਜਬ ਲਗ ਖਾਲਸਾ ਰਹੇ ਨਿਆਰਾ।। ਤਬ ਲਗ ਤੇਜ ਦੀਉ ਮੈਂ ਸਾਰਾ।। ਜਬ ਇਹ ਗਹੈ ਬਿਪਰਨ ਕੀ ਰੀਤ।। ਮੈਂ ਨ ਕਰਉਂ ਇਨ ਕੀ ਪ੍ਰਤੀਤ।।” ਇਹ ਚਾਰ ਛੰਦ ਹਨ ਜਿਹਨਾਂ ਵਿੱਚ ਗੁਰੂ ਜੀ ਨੇ ਆਪਣੀ ਹਰ ਕਾਮਯਾਬੀ, ਹਰ ਕਾਬਲੀਅਤ, ਹਰ ਸੋਭਾ ਦਾ ਸੇਹਰਾ ਖਾਲਸੇ ਦੇ ਸਿਰ ਉੱਤੇ ਬੰਨ੍ਹਿਆ ਹੈ। ਗੁਰੂ ਜੀ ਨੇ ਖਾਲਸੇ ਦੀ ਮਹਿਮਾ ਉਸ ਦੇ ਨਿਆਰੇਪਨ ਕਰ ਕੇ ਕਰਦੇ ਸਨ। ਉਹਨਾਂ ਦੀ ਰਹਿਤ ਮਰਿਯਾਦਾ ਦੀ ਪਾਲਣਾ ਮਨ ਨੂੰ ਭਾਉਂਦੀ ਸੀ। ਅਸੀਂ ਆਪਣੇ ਗੁਰੂ ਵੱਲ ਪਿੱਠ ਕਰਕੇ ਬਿਪਰਾਂ ਦੀ ਰੀਤ ਤੇ ਨਹੀਂ ਚੱਲਣਾ ਸਗੋਂ ਗੁਰੂ ਦੀ ਰੀਤ ਨੂੰ ਬਰਕਰਾਰ ਰੱਖਣਾ ਹੈ।
ਅੰਤ ਵਿਚ ਉਨ੍ਹਾਂ ਕਿਹਾ ਕਿ ਸਾਧਸੰਗਤ ਜੀ, ਅੱਜ ਚਾਲੀ ਸਾਲ ਬੀਤ ਗਏ ਹਨ ਅਤੇ ਇਸ ਸਮੇਂ ‘ਚ ਬਹੁਤ ਕੁਝ ਬਦਲ ਚੁੱਕਾ ਹੈ ਪਰ ਸਿੱਖਾਂ ਅੰਦਰੋਂ ਬਗਾਵਤ ਦਾ ਕਣ ਨਹੀਂ ਬਦਲਿਆ। ਆਓੁਣ ਵਾਲੇ ਸਮੇਂ ਅੰਦਰ ਦੁਨੀਆ ਦੀ ਰਾਜਨੀਤੀ ਵਿੱਚ ਸਿੱਖ ਸੰਘਰਸ਼ ਨੂੰ ਬਹੁਤ ਵੱਡੀ ਥਾਂ ਮਿਲਣ ਜਾ ਰਹੀ ਹੈ। ਅੱਜ ਦੁਨੀਆ ਦੀ ਰਾਜਨੀਤੀ ਦੇ ਏਜੰਡੇ ਤੇ ਹੈ ਕਿ ਆਉਣ ਵਾਲੇ ਸਮੇਂ ਦੀ ਰਾਜ ਪ੍ਰਣਾਲੀ ਕੀ ਹੋਵੇਗੀ ਸੋ ਮੇਰੇ ਵੀਰ-ਭੈਣ ਕਮਰਕੱਸੇ ਕਰਕੇ ਤੁਰੋ ਅਤੇ ਸਿੱਖਾਂ ਦੇ ਪ੍ਰਭੂਸੱਤਾ ਸੰਪੰਨ ਰਾਜ ਖ਼ਾਲਿਸਤਾਨ ਦਾ ਖਾਕਾ ਦੁਨੀਆ ਸਾਮ੍ਹਣੇ ਰੱਖੋ।