(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜੀ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਚ ਸ਼ੁਸੋਭਿਤ ਕਰਨ ਲਈ ਪਾਸ ਕੀਤੇ ਗਏ ਮਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਸੌਂਪੇ। ਪੰਥ ਸੇਵਕ ਜਥੇ ਵਲੋਂ ਭਾਈ ਸਤਨਾਮ ਸਿੰਘ ਖੰਡਾ, ਭਾਈ ਹਰਦੀਪ ਸਿੰਘ ਮਹਿਰਾਜ ਨੇ ਜਥੇਦਾਰ ਜੀ ਨੂੰ ਦਿਤੇ ਗਏ ਮਤਿਆਂ ’ਚ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਕਿਹਾ ਕਿ 8 ਫਰਵਰੀ 1986 ਨੂੰ ਨਕੋਦਰ ਸਾਕੇ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਲਈ ਸ਼ਾਤਮਈ ਰੋਸ ਮਾਰਚ ਕਰ ਰਹੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚਾਰ ਸਿੰਘਾਂ ਭਾਈ ਰਵਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਹਰਮਿੰਦਰ ਸਿੰਘ ਤੇ ਭਾਈ ਲਛਮਣ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ, ਪਰ 37 ਸਾਲ ਹੋਣ ਦੇ ਬਾਵਜੂਦ ਇਨਸਾਫ਼ ਤਾਂ ਕੀ ਮਿਲਣਾ ਸੀ.
ਜਾਂਚ ਰਿਪੋਰਟ ਵੀ ਦਬਾ ਕੇ ਰੱਖੀ ਹੋਈ ਹੈ, ਉਹਨਾਂ ਇਹ ਰਿਪੋਰਟ ਜਨਤਕ ਕਰਨ ਦੀ ਮੰਗ ਵੀ ਕੀਤੀ। ਦੂਜੇ ਮਤੇ ਵਿਚ ਲਿਖਿਆ ਗਿਆ ਕਿ 1984 ਵਿਚ ਭਾਰਤ ਦੀ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਹਮਲੇ, ਨਿਰਦੋਸ਼ ਸੰਗਤਾਂ ਦੀ ਸ਼ਹਾਦਤ ਅਤੇ ਕੌਮ ’ਤੇ ਹੋਏ ਜ਼ੁਲਮਾਂ ਖਿਲਾਫ਼ ਧਰਮ ਦੀ ਜੰਗ ਵਿਚ ਜੂਝ ਕੇ ਦਿਤੀ ਸ਼ਹੀਦੀਆਂ ਦੇਣ ਵਾਲੇ ਭਾਈ ਪਰਮਜੀਤ ਸਿੰਘ ਪੰਜਵੜ੍ਹ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਤਸਵੀਰਾਂ ਕੇਂਦਰੀ ਸਿੰਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸੁਸ਼ੋਭਿਤ ਕੀਤੀਆਂ ਜਾਣ।
ਭਾਈ ਹਰਦੀਪ ਸਿੰਘ ਮਹਿਰਾਜ ਵਲੋਂ ਜਾਰੀ ਪ੍ਰੈਸ ਨੋਟ ’ਚ ਦੱਸਿਆ ਕਿ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ, ਜਿਨ੍ਹਾਂ ’ਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਕਰੌਪੀ, ਐਥਨਸ (ਗਰੀਸ), ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, (ਗਰੀਸ), ਗੁਰੂ ਤੇਗ ਬਹਾਦਰ ਗੁਰਦੁਆਰਾ (ਲੇਇਸੇਟਰ), ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ, ਗੁਰਦੁਆਰਾ ਸਿੰਘ ਸਭਾ, (ਫਰਾਂਸ), ਗੁਰਦੁਆਰਾ ਬਾਬਾ ਸੰਗਤ ਜੀ ਸਮੈਦਿਕ, ਗੁਰੂ ਨਾਨਕ ਗੁਰਦੁਆਰਾ ਸਮੈਦਿਕ, ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ, ਗੁਰੂ ਨਾਨਕ ਸਿੱਖ ਗੁਰਦੁਆਰਾ, (ਗਰੀਸ), ਗੁਰਦੁਆਰਾ ਗੁਰੂ ਨਾਨਕ ਦਰਬਾਰ, ਜਮਰਨ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਕੋਵਨਟਰੀ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਗਰੀਸ, ਗੁਰਦੁਆਰਾ ਗੁਰੂ ਹਰਿ ਰਾਇ ਸਾਹਿਬ ਜੀ, (ਯੂ.ਕੇ.), ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ (ਬੈਲਜੀਅਮ) ਆਦਿ ਵੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੋਹੇਂ ਮਤੇ ਲਾਗੂ ਕਰਨ ਦਾ ਵਿਸ਼ਵਾਸ ਦਿਵਾਉਦਿਆ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖ ਸੰਗਤ ਨੇ ਇਹ ਮੰਗ ਕੀਤੀ ਹੈ, ਤੇ ਇਹਨਾਂ ਮੰਗਾਂ ’ਤੇ ਗੰਭਰੀਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਹ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸ਼ੁਸੋਭਿਤ ਕੀਤੀਆਂ ਜਾਣਗੀ। ਇਸ ਮੌਕੇ ਉਹਨਾਂ ਨਾਲ ਭਾਈ ਰਾਮ ਸਿੰਘ ਢਿਪਾਲੀ, ਭਾਈ ਜੀਵਨ ਸਿੰਘ ਗਿੱਲ ਕਲਾਂ ਵੀ ਸ਼ਾਮਲ ਸਨ।