(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪੰਥਕ ਕਥਾ ਵਾਚਕ ਭਾਈ ਮਾਲਕ ਸਿੰਘ (ਕਰਨਾਲ) ਜੋ ਕਿ ਇਸ ਸਮੇਂ ਕੈਨੇਡਾ ਅੰਦਰ ਪੰਥ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਚਰ ਰਹੇ ਹਨ, ਹਿੰਦ ਸਰਕਾਰ ਦੀਆਂ ਏਜੰਸੀਆਂ ਦੀ ਅੱਖਾਂ ਅੰਦਰ ਰੜਕ ਰਹੇ ਹਨ। ਜਿਕਰਯੋਗ ਹੈ ਕਿ ਓਹ ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾ ਦਿੱਲੀ, ਜਲੰਧਰ, ਫਗਵਾੜਾ, ਚੰਡੀਗੜ੍ਹ ਦੀ ਪ੍ਰਚਾਰ ਫੇਰੀ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨਜ਼ਰਬੰਦ ਦਿਬਰੂਗੜ੍ਹ ਜੇਲ੍ਹ ਦੇ ਸੰਪਰਕ ਵਿਚ ਆਏ ਸਨ, ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਸਿੱਖ, ਸਿੱਖੀ, ਬਾਣੀ, ਬਾਣੇ ਅਤੇ ਵੱਖਰੇ ਸਿੱਖ ਹੋਮਲੈਂਡ ਦੇ ਪ੍ਰਚਾਰ ਪ੍ਰਸਾਰ ਨੂੰ ਵੱਡੇ ਪੱਧਰ ਤੇ ਕਰਨਾ ਸ਼ੁਰੂ ਕਰ ਦਿੱਤਾ ਸੀ।
ਦਿੱਲੀ ਦੇ ਸਿੰਘੂ ਬਾਰਡਰ ਤੇ ਲਗੇ ਕਿਸਾਨੀ ਮੋਰਚੇ ਦੌਰਾਨ ਵੀ ਉਨ੍ਹਾਂ ਵਲੋਂ ਵੱਧ ਚੜ੍ਹ ਕੇ ਸੇਵਾ ਦੇ ਨਾਲ ਕਿਸਾਨਾਂ ਦੀਆਂ ਮੰਗਾ ਦੇ ਹਕ਼ ਵਿਚ ਆਵਾਜ਼ ਬੁਲੰਦ ਕੀਤੀ ਗਈ ਸੀ । ਉਨ੍ਹਾਂ ਵਲੋਂ ਕੀਤੇ ਜਾਂਦੇ ਪ੍ਰਚਾਰ ਸਦਕਾ ਓਹ ਵੀ ਹਿੰਦ ਸਰਕਾਰ ਦੀਆਂ ਏਜੰਸੀਆਂ ਦੀ ਅੱਖਾਂ ਅੰਦਰ ਆ ਗਏ ਸਨ ਜਿਸ ਕਰਕੇ ਉਨ੍ਹਾਂ ਦਾ ਕੁਝ ਨੁਕਸਾਨ ਹੁੰਦਾ ਓਸ ਤੋਂ ਪਹਿਲਾਂ ਹੀ ਨਿੱਜੀ ਵਸੀਲਿਆਂ ਰਾਹੀਂ ਹਿੰਦੁਸਤਾਨ ਛੱਡ ਕੇ ਕੈਨੇਡਾ ਪਹੁੰਚਣ ਵਿਚ ਕਾਮਯਾਬ ਹੋ ਗਏ । ਹੁਣ ਜ਼ੇਕਰ ਓਹ ਮੁੜ ਹਿੰਦੁਸਤਾਨ ਵਾਪਿਸ ਪਰਤਦੇ ਹਨ ਤਾਂ ਏਜੰਸੀਆਂ ਵਲੋਂ ਉਨ੍ਹਾਂ ਨੂੰ ਪੁੱਛਗਿਛ ਕਰਣ ਦੇ ਬਹਾਨੇ ਨਾਲ ਹਿਰਾਸਤ ਵਿਚ ਲਿਆ ਜਾ ਸਕਦਾ ਹੈ ਜਦਕਿ ਦੇਸ਼ ਅੰਦਰ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਨੌਜੁਆਨਾ ਨੂੰ ਵਡੀ ਪੱਧਰ ਤੇ ਪੰਜਾਬ ਅਤੇ ਅਸਾਮ ਦੀਆਂ ਜੇਲ੍ਹਾਂ ਅੰਦਰ ਡਕਿਆ ਹੋਇਆ ਹੈ।
ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘ ਜੋ ਆਪਣੀ ਬਣਦੀ ਸਜ਼ਾ ਤੋਂ ਵੀ ਵੱਧ ਸਮਾਂ ਜੇਲ੍ਹਾਂ ਅੰਦਰ ਨਿਕਾਲ ਚੁੱਕੇ ਹਨ ਅਤੇ ਯੂਕੇ ਤੋਂ ਵਿਆਹ ਕਰਵਾਣ ਆਏ ਜੱਗੀ ਜੋਹਲ ਅਜ ਛੇ ਸਾਲ ਬੀਤਣ ਉਪਰੰਤ ਵੀ ਰਿਹਾ ਹੋਣਾ ਤਾਂ ਦੂਰ ਜਮਾਨਤ ਵੀ ਨਹੀਂ ਲੈ ਸਕੇ ਹਨ.