(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸੂਰਤ ਸਿੰਘ ਖਾਲਸਾ ਜਿਨ੍ਹਾਂ ਨੂੰ ਬਾਪੂ ਸੂਰਤ ਸਿੰਘ ਖਾਲਸਾ ਵੀ ਕਿਹਾ ਜਾਂਦਾ ਹੈ, ਜੋ ਕਿ ਪੰਥਕ ਅਤੇ ਰਾਜਨੀਤਿਕ ਕਾਰਕੁਨ ਸਨ। ਬਾਪੂ ਸੂਰਤ ਸਿੰਘ ਖਾਲਸਾ ਪੰਜਾਬ ਵਿੱਚ ਸਿੱਖ ਪੰਥ ਨਾਲ ਸਬੰਧਤ ਵੱਖ-ਵੱਖ ਸਿਆਸੀ ਸੰਘਰਸ਼ਾਂ ਵਿੱਚ ਸ਼ਾਮਲ ਸਨ, ਪਰ ਓਹ ਸਿਆਸੀ ਕੈਦੀਆਂ ਦੀ ਗੈਰ-ਕਾਨੂੰਨੀ ਅਤੇ ਲੰਮੀ ਨਜ਼ਰਬੰਦੀ ਵਿਰੁੱਧ ਸ਼ਾਂਤਮਈ ਰੋਸ ਵਜੋਂ ਭੁੱਖ ਹੜਤਾਲ ਲਈ ਚਰਚਾ ਵਿੱਚ ਆਏ ਸਨ।
ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਚੇਅਰਮੈਨ, ਦਿੱਲੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਅਤੇ ਪੰਥਕ ਸੇਵਾਦਾਰ ਭਾਈ ਪਰਮਜੀਤ ਸਿੰਘ ਵੀਰਜੀ ਨੇ ਮੀਡਿਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਬਾਪੂ ਜੀ ਨੇ 16 ਜਨਵਰੀ 2015 ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਅਤੇ 11 ਫਰਵਰੀ 2015 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲਾ ਪੱਤਰ ਲਿਖਿਆ ਜਿਸ ਵਿੱਚ ਉਸਦੀ ਭੁੱਖ ਹੜਤਾਲ ਦੇ ਮਨੋਰਥ ਬਾਰੇ ਦੱਸਿਆ ਸੀ। ਬੰਦੀ ਸਿੰਘਾਂ ਦੀ ਰਿਹਾਈ ਲਈ ਰਖੀ ਭੁੱਖ ਹੜਤਾਲ ਦੌਰਾਨ ਉਨ੍ਹਾਂ ਨੂੰ ਕਈ ਵਾਰ ਚੁੱਕ ਲਿਆ ਜਾਂਦਾ ਸੀ ਅਤੇ ਕਈ ਵਾਰ ਹਸਪਤਾਲ ਵਿੱਚ ਨਜ਼ਰਬੰਦ ਵੀ ਰੱਖਿਆ ਜਾਂਦਾ ਸੀ।
ਬਾਪੂ ਜੀ 1970 ਦੇ ਦਹਾਕੇ ਤੋਂ ਹੀ ਮਨੁੱਖੀ ਅਧਿਕਾਰਾਂ ਦੀ ਸਰਗਰਮੀਆਂ ਨਾਲ ਜੁੜੇ ਹੋਏ ਸਨ ਅਤੇ ਧਰਮ ਯੁੱਧ ਮੋਰਚੇ ਦੌਰਾਨ ਉਨ੍ਹਾਂ ਨੇ ਇੱਕ ਸਲਾਹਕਾਰ ਵਜੋਂ ਸੇਵਾ ਵੀ ਨਿਭਾਈ ਸੀ । ਜੂਨ 1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ 5 ਜੂਨ 1984 ਨੂੰ ਸਰਕਾਰੀ ਅਧਿਆਪਕ ਵਜੋਂ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਮਨੁੱਖੀ ਅਧਿਕਾਰਾਂ ਲਈ ਆਪਣੀ ਵਕਾਲਤ ਜਾਰੀ ਰੱਖਦੇ ਹੋਏ ਬਾਬਾ ਜੋਗਿੰਦਰ ਸਿੰਘ ਰੋਡੇ ਦੀ ਅਗਵਾਈ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਵਜੋਂ ਸੇਵਾ ਨਿਭਾਈ। ਫਰਵਰੀ 1986 ਵਿੱਚ ਪੰਜਾਬ ਅੰਦਰ ਕੀਤੀ ਗਈ ਇੱਕ ਰੋਸ ਰੈਲੀ ਦੌਰਾਨ, ਪੁਲਿਸ ਗੋਲੀਬਾਰੀ ਦੇ ਨਤੀਜੇ ਵਜੋਂ ਬਾਪੂ ਸੂਰਤ ਸਿੰਘ ਦੀਆਂ ਲੱਤਾਂ ਵਿੱਚ ਗੋਲੀ ਲਗੀ ਸੀ।
ਉਹ ਸਿਆਸੀ ਤੌਰ ‘ਤੇ ਸਰਗਰਮ ਰਹੇ ਅਤੇ 1980 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਚੰਡੀਗੜ੍ਹ, ਨਾਭਾ, ਪਟਿਆਲਾ ਅਤੇ ਅੰਮ੍ਰਿਤਸਰ ਸਮੇਤ ਵੱਖ-ਵੱਖ ਜੇਲ੍ਹਾਂ ਦੇ ਨਾਲ-ਨਾਲ ਹਰਿਆਣਾ ਵਿੱਚ ਕੁਰੂਕਸ਼ੇਤਰ, ਰੋਹਤਕ ਅਤੇ ਅੰਬਾਲਾ ਵਿੱਚ ਨਜ਼ਰਬੰਦ ਰਹੇ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਬਾਪੂ ਜੀ ਨੇ ਐਲਾਨ ਕੀਤਾ ਸੀ ਕਿ ਜੇਕਰ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਕੁਝ ਹੋਇਆ ਤਾਂ ਉਹ ਨਿੱਜੀ ਤੌਰ ‘ਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਤੱਕ ਅਣਮਿੱਥੇ ਸਮੇਂ ਲਈ ਮਰਨ ਵਰਤ ‘ਤੇ ਬੈਠਣਗੇ। ਜਦੋਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਦੂਜੀ ਭੁੱਖ ਹੜਤਾਲ ਸ਼ੁਰੂ ਕੀਤੀ ਤਾਂ ਬਾਪੂ ਜੀ ਨੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਅਮਰੀਕਾ ਤੋਂ ਪੰਜਾਬ ਦੀ ਯਾਤਰਾ ਕੀਤੀ ਅਤੇ ਬੰਦੀ ਸਿੰਘਾਂ ਲਈ ਲੰਮੀ ਭੁੱਖ ਹੜਤਾਲ ਤੇ ਬੈਠੇ ਸਨ।
ਅੰਨਾ ਹਜ਼ਾਰੇ ਦੇ ਪਹਿਲੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ, ਜਦੋਂ ਅੰਨਾ ਹਜ਼ਾਰੇ 5 ਤੋਂ 9 ਅਪ੍ਰੈਲ 2011 ਤੱਕ ਭੁੱਖ ਹੜਤਾਲ ‘ਤੇ ਸਨ, ਬਾਪੂ ਜੀ ਵੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਸਮਰਥਨ ਵਿੱਚ ਲੁਧਿਆਣਾ ਵਿੱਚ ਮਰਨ ਵਰਤ ‘ਤੇ ਰਹੇ ਸਨ। ਅਸੀਂ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਬਾਪੂ ਜੀ ਦੀਆਂ ਪੰਥਕ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ “ਪੰਥਕ ਸ਼ਹੀਦ” ਨਾਲ ਸਨਮਾਨਿਤ ਕੀਤਾ ਜਾਏ ਅਤੇ ਪੰਥ ਦੀਆਂ ਸਮੂਹ ਧਾਰਮਿਕ ਅਤੇ ਰਾਜਸੀ ਜੱਥੇਬੰਦੀਆਂ ਇਸ ਲਈ ਅਗੇ ਆਉਣ ਅਤੇ ਉਨ੍ਹਾਂ ਲਈ ਆਪਣੀ ਆਵਾਜ਼ ਬੁਲੰਦ ਕਰਣ।