ਜੱਥੇਦਾਰ ਅਕਾਲ ਤਖਤ ਸਾਹਿਬ ਆਪਣੇ ਫੈਸਲਿਆਂ ਨੂੰ ਇੰਨ ਬਿੰਨ ਲਾਗੂ ਕਰਵਾਣ
(ਨਵੀਂ ਦਿੱਲੀ ਤੋ ਮਨਪ੍ਰੀਤ ਸਿੰਘ ਖਾਲਸਾ)
ਬੀਤੇ ਦਿਨ ਯੂਕੇ ਦੇ ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਥਿਕ ਵਿਖੇ ਸਮੁੱਚੇ ਗੁਰਦੁਆਰਾ ਸਾਹਿਬਾਨ, ਪੰਥਕ ਜਥੇਬੰਦੀਆਂ ਅਤੇ ਪੰਥਕ ਦਰਦੀਆਂ ਦਾ ਬਹੁਤ ਹੀ ਭਰਾਵਾਂ ਇਕੱਠ ਹੋਇਆ ਜਿਸ ਵਿੱਚ ਬੜੇ ਦੁੱਖੀ ਹਿਰਦੇ ਨਾਲ ਸਾਰੇ ਇੱਕਠ ਨੇ ਮਹਿਸੂਸ ਕੀਤਾ ਕਿ ਸਿੱਖ ਕੌਮ ਦੀ ਭਾਵਨਾ ਨੂੰ ਠੇਸ ਲਾਉਣ ਲਈ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਫੈਸਲੇ ਲਏ ਗਏ ਸਨ ਉਹਨਾਂ ਨੂੰ ਮੌਜੂਦਾ ਅਕਾਲੀ ਦਲ ਨੇ ਮਨਣ ਤੋਂ ਬਿਲਕੁਲ ਨਕਾਰ ਦਿੱਤਾ ਹੈ।
ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਲੱਗੀ ਹੈ। ਇਸ ਲਈ ਇਹ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਕਰਦਾ ਕਿ ਸਤਿਕਾਰਯੋਗ ਸਿੰਘ ਸਾਹਿਬ ਜੀ ਜੋ ਫੈਸਲੇ ਉਥੇ 2 ਦਸੰਬਰ 2024 ਨੂੰ ਲਏ ਗਏ ਹਨ ਸਮੁੱਚੀ ਕੌਮ ਅਤੇ ਇੰਗਲੈਂਡ ਦੇ ਸਮੂਹ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਦਰਦੀਆਂ ਦੀ ਜਥੇਬੰਦੀਆਂ ਉਹਨਾਂ ਫੈਸਲਿਆਂ ਦੇ ਨਾਲ ਡੱਟ ਕੇ ਖੜੀਆਂ ਹਨ।
ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਫੈਸਲਿਆਂ ਨੂੰ ਜਿਸ ਢੰਗ ਨਾਲ ਲਏ ਗਏ ਹਨ ਉਹਨਾਂ ਵਿੱਚ ਬਿਨਾਂ ਕਿਸੇ ਤਬਦੀਲੀ ਤੋਂ ਉਹਨਾਂ ਨੂੰ ਹਰ ਹਾਲਤ ਵਿੱਚ ਉਸੇ ਤਰ੍ਹਾਂ ਬਿਨਾਂ ਛੇੜਛਾਡ ਕੀਤੇ ਲਾਗੂ ਕੀਤਾ ਜਾਵੇ ਅਤੇ ਸੁਖਬੀਰ ਬਾਦਲ ਦਾ ਲਾਣਾ ਜੋ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਨਹੀਂ ਮੰਨ ਰਹੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਆਪ ਜੀ ਦੀ ਜਾਣਕਾਰੀ ਲਈ ਦਸ ਰਹੇ ਹਾਂ ਕਿ ਇੰਗਲੈਂਡ ਦੇ ਸਿੱਖਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਉਹ ਲੋਕ ਕਿਸੇ ਢੰਗ ਨਾਲ ਪੰਥਕ ਰਵਾਇਤਾਂ ਵਿੱਚ ਨਹੀਂ ਆਉਂਦੇ ਉਦੋਂ ਤੱਕ ਉਸ ਅਕਾਲੀ ਦਲ ਅਤੇ ਉਹਨਾਂ ਦੀ ਸਾਰੀ ਵਰਕਿੰਗ ਕਮੇਟੀ ਨੂੰ ਇੰਗਲੈਂਡ ਵਿੱਚ ਕਿਸੇ ਵੀ ਗੁਰੂ ਘਰ ਵਿੱਚ ਨਾ ਮੂੰਹ ਲਾਇਆ ਜਾਵੇਗਾ ‘ਤੇ ਨਾ ਹੀ ਕੋਈ ਵੀ ਗੁਰੂ ਘਰ ਕਿਸੇ ਪ੍ਰਕਾਰ ਦਾ ਉਹਨਾਂ ਦਾ ਸਤਿਕਾਰ ਕਰੇਗਾ।
ਇਹ ਫੈਸਲਾ ਡੱਟ ਕੇ ਸਾਰੀਆਂ ਸਿੱਖ ਸੰਸਥਾਵਾਂ ਗੁਰੂ ਘਰਾਂ ਨੇ ਲਿਆ ਹੈ। ਨਾਲ ਇਹ ਵੀ ਬੇਨਤੀ ਆਪ ਜੀ ਨੂੰ ਕਰ ਰਹੇ ਹਾਂ ਕਿ ਅਕਾਲੀ ਦਲ ਦਾ ਜੋ ਸਿਸਟਮ ਹੈ ਉਹ ਸਾਰਿਆਂ ਨੂੰ ਇੱਕ ਥਾਂ ਇੱਕਤਰ ਕਰਕੇ ਇੱਕ ਅਜਿਹੀ ਖੇਤਰੀ ਪਾਰਟੀ ਜਿਹਦੀ ਸਾਨੂੰ ਲੋੜ ਹੈ ਉਹ ਹੋਂਦ ਵਿੱਚ ਲਿਆਂਦੀ ਜਾਵੇ ਤਾਂ ਕਿ ਸਿੱਖਾਂ ਦਾ ਵਕਾਰ ਜੋ ਹੈ ਉਹ ਪੰਜਾਬ ਵਿੱਚ ਮੁੜ ਤੋਂ ਬਣ ਸਕੇ।
ਇਸ ਮੀਟਿੰਗ ਵਿਚ ਭਾਈ ਕੁਲਦੀਪ ਸਿੰਘ ਦਿਓਲ ਪ੍ਰਧਾਨ ਗੁਰਦੁਆਰਾ ਸਾਹਿਬ ਸਮੈਦਵੀਕ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਅਮਰੀਕ ਸਿੰਘ ਗਿੱਲ ਪ੍ਰਧਾਨ ਸਿੱਖ ਫੈਡਰੇਸ਼ਨ ਯੂਕੇ, ਭਾਈ ਬਘੇਲ ਸਿੰਘ, ਭਾਈ ਗੁਰਦੇਵ ਸਿੰਘ ਚੋਹਾਨ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਬਲਵਿੰਦਰ ਸਿੰਘ, ਭਾਈ ਜੋਗਾ ਸਿੰਘ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਦਇਆ ਸਿੰਘ, ਭਾਈ ਬੀਰਾ ਸਿੰਘ ਸਮੇਤ ਵਡੀ ਗਿਣਤੀ ਅੰਦਰ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।