ਪੰਜਾਬ ਨੂੰ ਸਿਰਫ਼ 742 ਇੰਟਰਨਸ਼ਿਪ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਜੋ ਕਿ ਇਸਦੀ ਆਬਾਦੀ ਦੇ ਆਕਾਰ ਨੂੰ ਦੇਖਦੇ ਹੋਏ ਹਨ ਬਹੁਤ ਘੱਟ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਕੌਂਸਲ ਦੇ ਉਪ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿੱਚ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ (ਐਮ.ਐਨ.ਸੀ.) ਅਤੇ ਉਦਯੋਗਾਂ ਵਲੋਂ ਨੌਜਵਾਨਾਂ ਨੂੰ ਵੱਡੀ ਪੱਧਰ ‘ਤੇ ਅਪ੍ਰੈਂਟਿਸਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਸੰਸਦ ਵਿੱਚ ਆਪਣੇ ਸਵਾਲ ਦੇ ਲਿਖਤੀ ਜਵਾਬ ਵਿੱਚ, ਡਾ. ਸਾਹਨੀ ਨੂੰ ਪੰਜਾਬ ਵਿੱਚ ਘੱਟ ਇੰਟਰਨਸ਼ਿਪ ਸੰਖਿਆਵਾਂ ਬਾਰੇ ਸਬੰਧੀ ਅੰਕੜੇ ਪ੍ਰਾਪਤ ਹੋਏ ਹਨ।
ਡਾ. ਸਾਹਨੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਨੂੰ ਸਿਰਫ਼ 742 ਇੰਟਰਨਸ਼ਿਪ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ, ਜੋ ਕਿ ਇਸਦੀ ਆਬਾਦੀ ਦੇ ਆਕਾਰ ਨੂੰ ਦੇਖਦੇ ਹੋਏ ਬਹੁਤ ਘੱਟ ਹਨ। ਇਸ ਤੋਂ ਵੀ ਵੱਧ ਚਿੰਤਾਜਨਕ ਹੈ ਘੱਟ ਦਾਖਲਾ ਦਰ, ਕਿਉਂਕਿ ਇਸ ਪ੍ਰੋਗਰਾਮ ਤਹਿਤ ਸਿਰਫ਼ 2,534 ਨੌਜਵਾਨ ਰਜਿਸਟਰ ਹੋਏ ਹਨ। ਇਹ ਸਕੀਮ ਬਾਰੇ ਜਾਗਰੂਕਤਾ ਦੀ ਘਾਟ ਅਤੇ ਉਦਯੋਗਾਂ ਦੀ ਨਾਕਾਫ਼ੀ ਭਾਗੀਦਾਰੀ ਦੋਵਾਂ ਨੂੰ ਦਰਸਾਉਂਦਾ ਹੈ, ਜਿਸਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ।
ਡਾ. ਸਾਹਨੀ ਨੇ ਕਿਹਾ ਕਿ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੇ ਜਾਣ ਨਾਲ, ਇਹ ਬਹੁ-ਰਾਸ਼ਟਰੀ ਕੰਪਨੀਆਂ ਅਤੇ ਪੰਜਾਬ ਦੇ ਉਦਯੋਗਿਕ ਖੇਤਰ ਦੋਵਾਂ ਦਾ ਫਰਜ਼ ਹੈ ਕਿ ਉਹ ਅਪ੍ਰੈਂਟਿਸਾਂ ਨੂੰ ਲੈਣ, ਉਨ੍ਹਾਂ ਨੂੰ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਇਸ ਪਾੜੇ ਨੂੰ ਪੂਰਾ ਕਰਨ ਲਈ ਤੁਰਤ ਕਦਮ ਚੁੱਕਦੇ ਹੋਏ, ਡਾ. ਸਾਹਨੀ ਨੇ ਐਲਾਨ ਕੀਤਾ ਕਿ ਉਹ ਇਸ ਸਕੀਮ ਅਧੀਨ ਨੌਜਵਾਨਾਂ ਦੇ ਦਾਖਲੇ ਨੂੰ ਵਧਾਉਣ ਲਈ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ (ਡੀ.ਸੀ.) ਨੂੰ ਲਿਖ ਰਹੇ ਹਨ। ਉਹਨਾ ਕਿਹਾ ਕਿ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ।