(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮਹਾਸਚਿਵ ਜਗਦੀਪ ਸਿੰਘ ਕਾਹਲੋ ਨੇ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਸਵਾਗਤ ਕਰਦੇ ਹੋਏ ਇਸਨੂੰ ਦੇਰ ਨਾਲ ਸਹੀ ਪਰ ਅੰਦਰੂਨੀ ਆਵਾਜ਼ ਸੁਣ ਕੇ ਲਿਆ ਗਿਆ ਫੈਸਲਾ ਦੱਸਿਆ ਹੈ।
ਸ: ਹਰਮੀਤ ਸਿੰਘ ਕਾਲਕਾ ਅਤੇ ਸ: ਜਗਦੀਪ ਸਿੰਘ ਕਾਹਲੋ ਨੇ ਕਿਹਾ ਕਿ ਹਾਲਾਂਕਿ ਸ: ਹਰਜਿੰਦਰ ਸਿੰਘ ਧਾਮੀ ਨੂੰ 2 ਦਸੰਬਰ ਨੂੰ ਹੀ ਆਪਣਾ ਪਦ ਛੱਡਣਾ ਚਾਹੀਦਾ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੁਆਰਾ ਬਣਾਈ ਗਈ 7 ਮੈਂਬਰਾਂ ਦੀ ਟੀਮ ਦੇ ਗਠਨ ਸਮੇਤ ਹੋਰ ਫੈਸਲੇ ਨੂੰ ਪਾਸੇ ਹਟਾ ਕੇ ਸਿਰਫ ਇਕ ਪਰਿਵਾਰ ਨੂੰ ਬਚਾਉਣ ਲਈ ਕੌਮ ਨੂੰ ਦਾਓ ‘ਤੇ ਲਗਾ ਦਿੱਤਾ। ਉਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ‘ਤੇ ਬੇਬੁਨਿਆਦ ਦੋਸ਼ ਇਕ ਐਸੇ ਵਿਅਕਤੀ ਵੱਲੋਂ ਲਗਾਏ ਗਏ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਸੀ, ਪਰ ਉਸਨੂੰ ਆਧਾਰ ਬਣਾ ਕੇ ਉਨ੍ਹਾਂ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ।
ਉਸ ਸਮੇਂ ਵੀ ਸ: ਧਾਮੀ ਨੂੰ ਇਸ ਦਾ ਵਿਰੋਧ ਕਰਦੇ ਹੋਏ ਆਪਣਾ ਪਦ ਛੱਡ ਦੇਣਾ ਚਾਹੀਦਾ ਸੀ, ਪਰ ਚਲੋ, ਦੇਰ ਨਾਲ ਸਹੀ, ਅੱਜ ਜਿਸ ਤਰ੍ਹਾਂ ਸ: ਹਰਜਿੰਦਰ ਸਿੰਘ ਧਾਮੀ ਨੇ ਆਪਣੀ ਅੰਦਰੂਨੀ ਆਵਾਜ਼ ਸੁਣ ਕੇ ਫੈਸਲਾ ਲਿਆ ਅਤੇ ਆਪਣੇ ਪਦ ਤੋਂ ਇਸਤਫ਼ਾ ਦਿੱਤਾ, ਉਸ ਨਾਲ ਉਨ੍ਹਾਂ ਦੀ ਇਜ਼ਤ ਵਿੱਚ ਵਾਧਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੇ ਪਦ ਤੋਂ ਇਸਤਫ਼ਾ ਦੇਣ ਨਾਲ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਕੁਝ ਹੱਦ ਤੱਕ ਦੁਖ ਵੀ ਹੋਇਆ ਹੈ ਕਿਉਂਕਿ ਸ: ਹਰਜਿੰਦਰ ਸਿੰਘ ਧਾਮੀ ਇਕ ਇਮਾਨਦਾਰ ਅਤੇ ਸੂਝਵਾਨ ਵਿਅਕਤੀ ਹਨ ਅਤੇ ਉਹ ਦਿੱਲੀ ਕਮੇਟੀ ਵਿੱਚ ਵੀ ਮੈਂਬਰ ਰਹੇ ਹਨ। ਉਹਨਾਂ ਨੇ ਕਿਹਾ ਕਿ ਹੁਣ ਸ: ਧਾਮੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਰਹਿਣ, ਕਿਉਂਕਿ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਬਾਦਲ ਪਰਿਵਾਰ ਜਾਂ ਅਕਾਲੀ ਦਲ ਤੋਂ ਬਾਹਰ ਜਾਂਦਾ ਹੈ ਤਾਂ ਉਸ ‘ਤੇ ਕਿਸੇ ਤਰ੍ਹਾਂ ਦੇ ਦੋਸ਼ ਇਹਨਾਂ ਦੇ ਚਾਪਲੂਸਾਂ ਵੱਲੋਂ ਲਗਾਏ ਜਾਂਦੇ ਹਨ ਜੋ ਸ਼ਾਇਦ ਬਹੁਤ ਜਲਦ ਸ: ਧਾਮੀ ‘ਤੇ ਵੀ ਲਗਾਏ ਜਾ ਸਕਦੇ ਹਨ, ਪਰ ਉਹਨਾਂ ਨੂੰ ਪਹਿਲਾਂ ਹੀ ਇਸ ਲਈ ਤਿਆਰ ਰਹਿਣਾ ਹੋਵੇਗਾ।
ਸ: ਹਰਮੀਤ ਸਿੰਘ ਕਾਲਕਾ ਅਤੇ ਸ: ਜਗਦੀਪ ਸਿੰਘ ਕਾਹਲੋ ਨੇ ਸ਼੍ਰੋਮਣੀ ਕਮੇਟੀ ਚੋਣ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਸ਼ਾਇਦ ਅੱਜ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾ ਕੇ ਇਸਨੂੰ ਭਰਤੀ ਕਰਨ ਲਈ ਕਿਹਾ ਸੀ ਅਤੇ ਇਸ ਦਾ ਮੁਖੀਆ ਸ: ਧਾਮੀ ਨੂੰ ਬਣਾਇਆ ਗਿਆ ਸੀ। ਪਰ ਅਕਾਲੀ ਦਲ ਨੇ ਆਪਣੇ ਨੁਮਾਈਂਦਿਆਂ ਨਾਲ ਭਰਤੀ ਅਭਿਆਨ ਸ਼ੁਰੂ ਕਰ ਦਿੱਤਾ, ਇਹ ਵੀ ਸ: ਹਰਜਿੰਦਰ ਸਿੰਘ ਧਾਮੀ ਦੇ ਇਸਤਫ਼ੇ ਦਾ ਇੱਕ ਕਾਰਨ ਹੋ ਸਕਦਾ ਹੈ।