ਸ਼੍ਰੋਮਣੀ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਗਏ ਪੰਜ ਪਿਆਰਿਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਸਿਆਸਤ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਤਖ਼ਤ ਸਾਹਿਬਾਨ ਅਤੇ ਜਥੇਦਾਰਾਂ ਤੇ ਭਾਰੂ ਹੈ ਜਿਸਦੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਢਾਅ ਲੱਗੀ ਹੈ। ਭਾਈ ਸਤਨਾਮ ਸਿੰਘ ਝੰਜੀਆ,ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਮੌਜੂਦਾ ਪੰਥਕ ਹਾਲਾਤਾਂ ਦਾ ਮੰਥਨ ਕਰਨ ਉਪਰੰਤ ਦੋਸ਼ ਲਗਾਇਆ ਕਿ ਇਕ ਪਰਿਵਾਰ ਦੀ ਗੰਦਲੀ ਰਾਜਨੀਤੀ ਨੇ ਸਿੱਖ ਕੌਮ ਦੀ ਪ੍ਰਮੁੱਖ ਤਿੰਨ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ,ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕੀਤਾ ਹੈ ਜਿਸ ਕਰਕੇ ਸਿੱਖ ਸੰਗਤਾਂ ਵਿੱਚ ਬਾਦਲ ਪਰਿਵਾਰ ਪ੍ਰਤੀ ਨਫ਼ਰਤ ਦੇਖਣ ਨੂੰ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋ ਦਸੰਬਰ ਦੇ ਫੈਸਲੇ ਨੂੰ ਸਾਰਿਆਂ ਵੱਲੋਂ ਦ੍ਰਿੜ੍ਹਤਾ ਨਾਲ ਲਾਗੂ ਨਾ ਕਰਨਾ ਮੰਦਭਾਗਾ ਹੈ।ਅਖੌਤੀ ਅਕਾਲੀ ਲੀਡਰਾਂ ਨੇ 2015 ਵਿੱਚ ਵੋਟਾਂ ਦੀ ਖਾਤਰ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਜੋ ਬਿਰਤਾਂਤ ਸਿਰਜਿਆ ਸੀ ਉਸਦੀ ਸਜ਼ਾ ਅਕਾਲੀ ਅੱਜ ਤੱਕ ਭੁਗਤ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿਗ ਕਮੇਟੀ ਨੂੰ ਹਮੇਸ਼ਾ ਹੱਥ ਠੋਕਾ ਬਣਾ ਕੇ ਰੱਖਿਆ ਹੈ ਜਿਸਦੇ ਨਤੀਜੇ ਵਜੋਂ ਇਕ ਮਹੀਨੇ ਵਿੱਚ ਗਿਆਨੀ ਹਰਪ੍ਰੀਤ ਸਿੰਘ,ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਬਦਨਾਮ ਕਰਕੇ ਅਹੁਦਿਆਂ ਤੋਂ ਲਾਂਭੇ ਕੀਤਾ ਗਿਆ ਹੈ।
ਹੈਰਾਨਗੀ ਦੀ ਗੱਲ ਹੈ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਵਫ਼ਾਦਾਰ ਅਤੇ ਯੋਗ ਸਮਝਦੇ ਹੋਏ ਦੋ- ਦੋ ਅਹੁਦੇ ਦਿੱਤੇ ਸਨ ਪਰ ਅਖੀਰ ਵਿੱਚ ਬਦਨਾਮੀ ਝੋਲ਼ੀ’ਚ ਪਾਕੇ ਘਰ ਤੋਰ ਦਿੱਤਾ । ਪੰਜ ਪਿਆਰਿਆ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਦਾ ਮੌਜੂਦਾ ਸਮੇ ਵਿੱਚ ਰੋਲ ਬੇਹੱਦ ਸਲਾਘਾਯੋਗ ਹੈ ਉਹਨਾਂ ਵਾਗ ਬਾਕੀ ਪੰਥਕ ਆਗੂਆਂ ਨੂੰ ਨਿਡਰ ਹੋਕੇ ਅੱਗੇ ਆਉਣਾ ਚਾਹੀਦਾ ਹੈ।
ਪੰਜ ਸਿੰਘਾ ਨੇ ਸਮੁੱਚੇ ਪੰਥ ਨੂੰ ਅਪੀਲ ਕੀਤੀ ਕਿ ਸਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਵਲੋ ਜਥੇਦਾਰ ਸਾਹਿਬਾਂ ਨੂੰ ਨਿਯੁਗਤ ਕਰਨ ਅਤੇ ਸੇਵਾ ਮੁਕਤ ਕਰਨ ਲਗਿਆ ਸਮੁੱਚੇ ਪੰਥ ਨੂੰ ਸੱਦਾ ਪੱਤਰ ਨਹੀ ਦਿਤਾ ਜਾਂਦਾ ਪਰ ਜਦੋ ਦਸਤਾਰ ਬੰਦੀਂ ਸਮੇਂ ਚਿੱਠੀ ਪਤਰ ਭੇਜ ਕੇ ਪੰਥਕ ਜਥੇਬੰਦੀਆਂ ਨੂੰ ਸਰੋਪੇ ਲੈ ਕੇ ਆਉਣ ਲਈ ਕਿਹਾ ਜਾਂਦਾ ਹੈ ਤਾਂ ਉਸ ਸਮੇਂ ਇਨ੍ਹਾਂ ਦੀ ਆਪਹੁਦਰੀ ਨੂੰ ਰੋਕਣ ਲਈ ਸਮੂਲੀਅਤ ਨਾ ਕੀਤੀ ਜਾਵੇ।
ਪੰਜ ਸਿੰਘਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਣ ਨਿਖੇੜੇ ਦਾ ਸਮਾਂ ਆ ਗਿਆ ਹੈ ਜਿਸ ਲਈ ਨੇੜਲੇ ਭਵਿੱਖ ਵਿੱਚ ਪੰਥਕ ਦਰਦੀਆਂ ਤੇ ਜਥੇਬੰਦੀਆਂ ਦਾ ਨੁਮਾਇੰਦਾ ਇਕੱਠ ਕਰਕੇ ਅਗਲੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।