(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਜਦੋਂ ਇੰਡੀਅਨ ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ. ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਮਿਲਟਰੀ ਇੰਨਟੈਲੀਜੈਸ, ਸੰਬੰਧਤ ਸੂਬਿਆਂ ਦੀਆਂ ਸੀ.ਆਈ.ਡੀ ਕੋਲ ਇਸ ਗੱਲ ਦੀ ਸੂਚਨਾਂ ਹੀ ਨਹੀ ਸੀ ਕਿ ਪਹਿਲਗਾਮ ਦੁਖਾਂਤ ਹੋ ਸਕਦਾ ਹੈ, ਫਿਰ ਇਹ ਦੁਖਾਂਤ ਵਾਪਰਨ ਤੋ ਤੁਰੰਤ ਬਾਅਦ ਗੋਦੀ ਮੀਡੀਆ, ਬੀਜੇਪੀ- ਆਰ.ਐਸ.ਐਸ ਹਕੂਮਤ ਦੀ ਮੋਦੀ ਸਰਕਾਰ ਵੱਲੋ ਇਕਦਮ ਬਿਨ੍ਹਾਂ ਕਿਸੇ ਤੱਥਾਂ, ਸਬੂਤਾਂ ਦੇ ਪਾਕਿਸਤਾਨ ਦਾ ਨਾਮ ਲਗਾਕੇ ਜੰਗ ਦਾ ਬਿਗੁਲ ਵਜਾ ਦੇਣ ਦੇ ਅਮਲ ਤਾਂ ਮਨੁੱਖਤਾ ਤੇ ਇਨਸਾਨੀਅਤ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੇ ਹਨ।
” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 22 ਅਪ੍ਰੈਲ ਨੂੰ ਪਹਿਲਗਾਮ ਜੰਮੂ ਕਸਮੀਰ ਵਿਖੇ ਵਾਪਰੇ ਦੁਖਾਂਤ ਤੇ ਹੁਕਮਰਾਨਾਂ ਦੀ ਪਾਕਿਸਤਾਨ ਨਾਲ ਜੰਗ ਲਗਾਉਣ ਦੀ ਸਾਜਿਸ ਅਤੇ ਮਨੁੱਖਤਾ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਬਿਨ੍ਹਾਂ ਕਿਸੇ ਸਬੂਤ ਤੇ ਪਾਕਿਸਤਾਨ ਨੂੰ ਇਸ ਦੁਖਾਂਤ ਵਿਚ ਘੜੀਸਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਦੂਸਰੇ ਪਾਸੇ ਇਸੇ ਹਿੰਦੂਤਵ ਸਟੇਟ ਦੀਆਂ ਏਜੰਸੀਆ ਵੱਲੋ ਕੈਨੇਡਾ ਵਿਚ ਸ. ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਨੂੰ ਕਤਲ ਕੀਤਾ ਗਿਆ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ ਨੂੰ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਨੂੰ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਕਤਲ ਕਰ ਦਿੱਤੇ ਗਏ।
ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਨੂੰ ਇਨ੍ਹਾਂ ਏਜੰਸੀਆ ਨੇ ਮਾਰਨ ਦੀ ਸਾਜਿਸ ਰਚੀ ਸੀ ਲੇਕਿਨ ਅਮਰੀਕਨ ਖੂਫੀਆ ਵਿਭਾਗ ਤੇ ਸੁਰੱਖਿਆ ਵਿਭਾਗ ਨੇ ਇੰਡੀਅਨ ਏਜੰਸੀਆ ਦੀ ਇਹ ਸਾਜਿਸ ਸਫਲ ਨਾ ਹੋਣ ਦਿੱਤੀ । ਇਸ ਵਿਚ ਅਮਰੀਕਾ ਨੇ ਹਿੰਦੂ ਇੰਡੀਆ ਦੇ ਏਜੰਟਾਂ ਮਿਸਟਰ ਯਾਦਵ ਤੇ ਗੁਪਤਾ ਨੂੰ ਆਪਣੀਆ ਜੇਲ੍ਹਾਂ ਵਿਚ ਬੰਦੀ ਬਣਾਇਆ ਹੋਇਆ ਹੈ। ਜਿਨ੍ਹਾਂ ਨੇ ਇੰਡੀਅਨ ਹੁਕਮਰਾਨਾਂ ਦੀ ਸਾਜਿਸ ਨੂੰ ਪੂਰਨ ਕਰਨਾ ਸੀ। ਇਕ ਪਾਸੇ ਜਦੋ ਵਜੀਰ ਏ ਆਜਮ ਮੋਦੀ ਪਾਕਿਸਤਾਨ ਨੂੰ ਅੱਤਵਾਦੀ ਕਹਿ ਰਹੇ ਹਨ ਲੇਕਿਨ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਇਹ ਹਿੰਦੂਤਵ ਮੁਲਕ ਦੇ ਹੁਕਮਰਾਨ ਨਿਰਦੋਸ ਤੇ ਨਿਹੱਥੇ ਬਾਹਰਲੇ ਮੁਲਕਾਂ ਵਿਚ ਰਹਿਣ ਵਾਲੇ ਸਿੱਖਾਂ ਨੂੰ ਕਤਲ ਕਰਕੇ ਕੀ ਅੱਤਵਾਦੀ ਹੋਣ ਦਾ ਖੁਦ ਹੀ ਸਬੂਤ ਨਹੀ ਦੇ ਰਹੇ ? ਇਥੋ ਤੱਕ ਇਸ ਹੁਕਮਰਾਨਾਂ ਨੇ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਹੀ ਨਹੀ ਕੁਚਲਿਆ ਬਲਕਿ ਅਮਰੀਕਾ ਦੀ ਮਨਰੋ ਡਾਕਟਰੀਨ ਦਾ ਉਲੰਘਣ ਕਰਕੇ ਖੁਦ ਹੀ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦਾ ਘਾਣ ਕਰਦੇ ਹੋਏ ਅੱਤਵਾਦੀ ਕਾਰਵਾਈਆ ਕਰਨ ਦਾ ਪ੍ਰਤੱਖ ਸਬੂਤ ਦਿੱਤਾ ਹੈ।
ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਪੱਧਰ ਤੇ ਇਹ ਜੋਰਦਾਰ ਅਪੀਲ ਕਰਨੀ ਚਾਹੇਗੀ ਕਿ ਜਿਨ੍ਹਾਂ ਵੀ ਹਿੰਦੂਤਵ ਹੁਕਮਰਾਨਾਂ ਨੇ ਉਪਰੋਕਤ ਵੱਡੇ ਮੁਲਕਾਂ ਦੀ ਪ੍ਰਭੂਸਤਾ ਦਾ ਘਾਣ ਕੀਤਾ ਹੈ ਅਤੇ ਉਨ੍ਹਾਂ ਮੁਲਕਾਂ ਵਿਚ ਜਾ ਕੇ ਗੁਪਤ ਰੂਪ ਵਿਚ ਸਿੱਖਾਂ ਨੂੰ ਕਤਲ ਕੀਤਾ ਹੈ ਜਾਂ ਸਿੱਖਾਂ ਨੂੰ ਕਤਲ ਕਰਨ ਦੀ ਸਾਜਿਸ ਰਚੀ ਹੈ ਉਨ੍ਹਾਂ ਉਤੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਨੁਸਾਰ ਕੌਮਾਂਤਰੀ ਅਦਾਲਤਾਂ ਵਿਚ ਅਵੱਸ ਕਾਰਵਾਈ ਹੋਣੀ ਚਾਹੀਦੀ ਹੈ । ਅਸੀ ਆਮ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੀ ਨੀਤੀ ਨਾਲ ਪਾਕਿਸਤਾਨ ਤੇ ਇੰਡੀਆ ਵਿਚ ਬਣਾਉਟੀ ਢੰਗ ਨਾਲ ਜੰਗ ਦੇ ਮਾਹੌਲ ਬਣਾਉਣ ਦੀਆਂ ਕਾਰਵਾਈਆ ਦੀ ਨਿਖੇਧੀ ਕਰਦੇ ਹਾਂ ਕਿ ਇਹ ਫੌਰੀ ਬੰਦ ਕਰਨ ਲਈ ਮਿਸਟਰ ਟਰੰਪ ਦਾ ਸੁਕਰਾਨਾ ਕਰਦੇ ਹਾਂ।