(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਿਸੇ ਵੱਡੀ ਸਾਜ਼ਸ਼ ਦਾ ਹਿੱਸਾ ਹਨ, ਜਿਸ ਪਿਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸ਼ਾਹਮਣੇ ਲਿਆਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਅਤੇ ਮਿਸਾਲੀ ਸਜ਼ਾਵਾਂ ਨਾ ਦਿੱਤੇ ਜਾਣ ਦੇ ਕਾਰਨ ਹੀ ਸੰਗਤ ਅੰਦਰ ਭਾਰੀ ਰੋਸ ਅਤੇ ਰੋਹ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਤੰਤਰ ਰਾਹੀਂ ਫਿਰੋਜ਼ਪੁਰ ਦੀ ਬੇਅਦਬੀ ਘਟਨਾ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਨਸ਼ਰ ਕਰੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਅੰਦਰ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਅਤੇ ਸੁਰੱਖਿਆ ਦੇ ਪੁਖਤਾ ਇਤਜ਼ਾਮ ਕਰਨ ਅਤੇ ਪਹਿਰੇਦਾਰੀ ਲਈ ਹਰ ਸਮੇਂ ਸੇਵਾਦਾਰ ਗੁਰਦੁਆਰਾ ਸਾਹਿਬਾਨ ’ਚ ਹਾਜ਼ਰ ਰਹਿਣ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਹਲਕਾ ਮੈਂਬਰ ਸ. ਦਰਸ਼ਨ ਸਿੰਘ ਸ਼ੇਰ ਖਾਂ, ਗੁਰਦੁਆਰਾ ਜਾਮਨੀ ਸਾਹਿਬ ਬਜ਼ੀਦਪੁਰ ਫਿਰੋਜ਼ਪੁਰ ਤੋਂ ਐਡੀਸ਼ਨਲ ਮੈਨੇਜਰ ਸ. ਜਸਪਾਲ ਸਿੰਘ, ਹੈੱਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ, ਗ੍ਰੰਥੀ ਗਿਆਨੀ ਗੁਰਭਜਨ ਸਿੰਘ, ਪ੍ਰਚਾਰਕ ਸ. ਸੁਖਵਿੰਦਰ ਸਿੰਘ ਅਤੇ ਹੋਰ ਨੁਮਾਇੰਦੀਆਂ ਨੇ ਘਟਨਾ ਵਾਲੀ ਥਾਂ ਪਿੰਡ ਬੰਡਾਲਾ ਵਿਖੇ ਪੁੱਜ ਕੇ ਸਮੁੱਚੀ ਜਾਣਕਾਰੀ ਲੈਣ ਉਪਰੰਤ ਰਿਪੋਰਟ ਭੇਜੀ ਹੈ ਜੋ ਅਗਲੀ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜ ਦਿੱਤੀ ਜਾਵੇਗੀ।

ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਮੌਕੇ ਤੋਂ ਪ੍ਰਾਪਤ ਕੀਤੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਤੋਂ ਬਿਲਕੁਲ ਸਪਸ਼ਟ ਹੁੰਦਾ ਹੈ ਕਿ ਮਿਤੀ 4 ਮਈ ਨੂੰ ਇਸ ਘਟਨਾ ਦੇ ਦੋਸ਼ੀ ਨੇ ਗੁਰੂ ਘਰ ਦੇ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਫਾੜੇ ਅਤੇ ਅੰਗ ਨਾਲ ਲੈ ਕੇ ਗੁਰੂ ਘਰ ਤੋਂ ਬਾਹਰ ਚਲਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਵੱਲੋਂ ਖੰਡਿਤ ਕੀਤਾ ਗਿਆ ਪਾਵਨ ਸਰੂਪ ਵੀ ਆਉਂਦੇ ਦਿਨਾਂ ਵਿੱਚ ਮਰਯਾਦਾ ਅਨੁਸਾਰ ਸੁਰੱਖਿਅਤ ਰੱਖ ਲਿਆ ਜਾਵੇਗਾ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version