ਜਥੇਦਾਰ ਗੜਗੱਜ ਵੱਲੋਂ ਪੰਥਕ ਏਕਤਾ ਲਈ ਸੱਦਾ, ਕਿਹਾ ਸਿੱਖ ਸੰਸਥਾਵਾਂ ਨੂੰ ਚੁਣੌਤੀਆਂ ਦਾ ਟਾਕਰਾ ਇੱਕਜੁੱਟਤਾ ਨਾਲ ਹੀ ਸੰਭਵ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਲੁਧਿਆਣਾ ਦੇ ਪੁਰਾਣੀ ਸਬਜੀ ਮੰਡੀ ਇਲਾਕੇ ’ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮੂਹ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ, ਜਿਥੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਅਹਿਮ ਐਲਾਨ ਕੀਤਾ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਸਥਾਵਾਂ ਅੱਜ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਬੇਹੱਦ ਚਿੰਤਤ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕਿਤੇ ਵੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਿੱਚ ਕਮੀ ਆਉਂਦੀ ਹੈ ਅਤੇ ਬੇਅਦਬੀ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਉਸ ਉੱਤੇ ਖੁਦ ਨੋਟਿਸ ਲੈ ਕੇ ਸਖ਼ਤ ਕਾਰਵਾਈ ਕਰੇਗਾ।
ਉਨ੍ਹਾਂ ਸਪਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲੇ ਵਿੱਚ ਭਾਵੇਂ ਸ਼ਿਕਾਇਤ ਆਵੇ ਜਾਂ ਨਾ, ਪਰ ਘਟਨਾ ਵਾਪਰਨ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਪ ਕਾਰਵਾਈ ਅੱਗੇ ਵਧਾਏਗਾ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਗੁਰੂ ਸਾਹਿਬ ਦੇ ਸਤਿਕਾਰ ਅਤੇ ਮਾਣ ਮਰਯਾਦਾ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਤੈਅ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ।
ਜਥੇਦਾਰ ਗੜਗੱਜ ਨੇ ਬੀਤੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲਦੇ ਸੋਦਰ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬੇਅਦਬੀ ਦੇ ਮਾਮਲੇ ਵਿੱਚ ਸਰਕਾਰ ਉੱਤੇ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਸ ਦੋਸ਼ੀ ਦੀ ਪਛਾਣ ਡੀਐੱਨਏ ਟੈਸਟ ਰਾਹੀਂ ਕਰਵਾਉਣ ਲਈ ਕੀਤੀ ਮੰਗ ਦੇ ਬਾਵਜੂਦ ਹੁਣ ਤੱਕ ਸਰਕਾਰ ਉਸ ਦੀ ਪਛਾਣ ਨਸ਼ਰ ਕਿਉਂ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਉਸ ਵਿਅਕਤੀ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਨੂੰ ਨਸ਼ਰ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਸਮੁੱਚੇ ਪੰਥ ਨੂੰ ਇਸ ਸਬੰਧੀ ਅਵਾਜ਼ ਬੁਲੰਦ ਕਰਨ ਲਈ ਕਿਹਾ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਏਕਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਅੱਜ ਜੋ ਚੁਣੌਤੀਆਂ ਹਨ ਉਨ੍ਹਾਂ ਦਾ ਟਾਕਰਾ ਗੁਰੂ ਦੇ ਇੱਕਜੁੱਟਤਾ ਵਾਲੇ ਸਿਧਾਂਤ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਹ ਦਿੱਲੀ ਤੋਂ ਆਇਆ ਇੱਕ ਬਿਆਨ ਸੁਣ ਰਹੇ ਸਨ ਕਿ ਸਿੱਖ ਜੇਲ੍ਹ ਅੰਦਰ ਗੁਰਬਾਣੀ ਪੜ੍ਹਦੇ ਹਨ।
ਉਨ੍ਹਾਂ ਕਿਹਾ ਕਿ ਸਿੱਖ ਕੇਵਲ ਜੇਲ੍ਹਾਂ ਵਿੱਚ ਹੀ ਗੁਰਬਾਣੀ ਨਹੀਂ ਪੜ੍ਹਦੇ, ਸਿੱਖ ਤਾਂ ਉਦੋਂ ਵੀ ਗੁਰਬਾਣੀ ਪੜ੍ਹਦੇ ਹਨ ਜਦੋਂ ਉਹ ਚਰਖੜੀਆਂ ਉੱਤੇ ਚਾੜ੍ਹੇ ਜਾਂਦੇ ਹਨ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਦੋਂ ਗੁਰੂ ਤੇਗ਼ ਬਹਾਦਰ ਪਾਤਸ਼ਾਹ ਅਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਨੇ ਸ਼ਹਾਦਤ ਦਿੱਤੀ ਉਦੋਂ ਵੀ ਉਹ ਗੁਰਬਾਣੀ ਹੀ ਪੜ੍ਹ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰਬਾਣੀ ਸਿੱਖਾਂ ਦਾ ਅਧਾਰ ਅਤੇ ਜੀਵਨ ਹੈ, ਜਿਸ ਤੋਂ ਸਿੱਖ ਨੂੰ ਕਦੇ ਤੋੜਿਆ ਨਹੀਂ ਜਾ ਸਕਦਾ। ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਦੇਹਧਾਰੀ ਗੁਰੂ ਡੰਮ ਅੱਗੇ ਨਤਮਸਤਕ ਹੁੰਦੇ ਹਨ ਅਤੇ ਅੰਮ੍ਰਿਤ ਵੀ ਨਹੀਂ ਛਕਦੇ ਅੱਜ ਉਹ ਵੀ ਸਿੱਖ ਸੰਸਥਾ ਦੇ ਵਿਰੋਧ ਦੀ ਗੱਲ ਕਰ ਰਹੇ ਹਨ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਚੁਣੌਤੀਆਂ ਦੇ ਮੱਦੇਨਜ਼ਰ ਇੱਕ ਵਾਰ ਫਿਰ ਪੰਥਕ ਏਕਤਾ ਦੀ ਪੁਰਜ਼ੋਰ ਅਪੀਲ ਕੀਤੀ।
ਇਸ ਮੌਕੇ ਵੱਖ-ਵੱਖ ਸਿੰਘ ਸਭਾ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਹਾਜ਼ਰ ਸਨ ਜਿਨ੍ਹਾਂ ਵਿੱਚ ਸ. ਹੀਰਾ ਸਿੰਘ ਗਾਬੜੀਆ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਬਾਬਾ ਅਜੀਤ ਸਿੰਘ, ਸ. ਬਲਵਿੰਦਰ ਸਿੰਘ ਲਾਇਲਪੁਰੀ, ਸ. ਪ੍ਰਿਤਪਾਲ ਸਿੰਘ, ਸ. ਗੁਰਮੀਤ ਸਿੰਘ, ਸ. ਰਣਜੋਧ ਸਿੰਘ, ਸ. ਇੰਦਰਜੀਤ ਸਿੰਘ ਮੱਕੜ, ਸ. ਗੁਰਦੇਵ ਸਿੰਘ, ਸ. ਹਰਪ੍ਰੀਤ ਸਿੰਘ ਬੇਦੀ, ਸ. ਕੁਲਵਿੰਦਰ ਸਿੰਘ ਬੈਨੀਪਾਲ, ਸ. ਜਗਜੀਤ ਸਿੰਘ, ਸ. ਰਖਵਿੰਦਰ ਸਿੰਘ, ਸ. ਚਤਰਵੀਰ ਸਿੰਘ, ਸ. ਰਛਪਾਲ ਸਿੰਘ, ਸ. ਅੰਗਰੇਜ਼ ਸਿੰਘ, ਸ. ਜਸਦੀਪ ਸਿੰਘ, ਸ. ਸੁਰਜੀਤ ਸਿੰਘ, ਬੀਬੀ ਗੁਰਦੀਪ ਕੌਰ, ਸ. ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ।