(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ‘ਤੇ ਹਮਲਾ ਕਰਨ ਲਈ ਹਿੱਟਮੈਨ ਨੂੰ ਕਿਰਾਏ ‘ਤੇ ਲੈਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਘਿਰੇ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ ਅੰਦਰ ਆਪਣੀ ਨਿਰਦੋਸ਼ਤਾ ਨੂੰ ਦੁਹਰਾਇਆ ਅਤੇ ਇੱਕ ਸੰਘੀ ਜੱਜ ਨੂੰ ਇੱਕ ਹਿੰਦੀ ਭਾਸ਼ੀ ਵਕੀਲ ਮੁਹਈਆ ਕਰਵਾਉਣ ਲਈ ਕਿਹਾ ਕਿਉਕਿ ਉਹ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਨਹੀਂ ਰੱਖਦਾ ਹੈ। ਇਸਦੇ ਨਾਲ ਹੀ ਉਸਨੇ ਸੰਘੀ ਅਦਾਲਤ ਵਿੱਚ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਪ੍ਰਾਰਥਨਾ ਕਿਤਾਬ ਵਾਪਸ ਕਰਨ ਲਈ ਕਿਹਾ ਜਿਸਨੂੰ ਚੈਕ ਗਣਰਾਜ ਵਿੱਚ ਉਸਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਕੋਲੋਂ ਜ਼ਬਤ ਕਰ ਲਿਆ ਗਿਆ ਸੀ।
ਅਦਾਲਤ ਅੰਦਰ ਉਸਤੇ ਤਿੰਨ ਦੋਸ਼ ਲਗਾਏ ਹਨ: ਇੱਕ ਹਿੱਟਮੈਨ ਨੂੰ ਕਿਰਾਏ ‘ਤੇ ਲੈਣ ਦੀ ਸਾਜ਼ਿਸ਼, ਦੂਜਾ “ਕਤਲ ਦੀ ਸਾਜ਼ਿਸ਼” ਅਤੇ ਤੀਜਾ ਮਨੀ ਲਾਂਡਰਿੰਗ। ਜਿਕਰਯੋਗ ਹੈ ਕਿ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ, ਜਿੱਥੇ ਉਸ ਨੂੰ ਅਮਰੀਕਾ ਦੀ ਬੇਨਤੀ ‘ਤੇ ਹਿਰਾਸਤ ‘ਚ ਲਿਆ ਗਿਆ ਸੀ।
ਬੀਤੇ ਵੀਰਵਾਰ ਨੂੰ ਰਾਅ ਦੇ ਸਾਬਕਾ ਅਧਿਕਾਰੀ ਵਿਸ਼ਾਲ ਯਾਦਵ ਨੂੰ ਇਸ ਮਾਮਲੇ ‘ਚ ਨਾਮਜ਼ਦ ਕਰਦੇ ਹੋਏ ਦੋਸ਼ ਅਤੇ ਸ਼ਿਕਾਇਤ ਦਾਇਰ ਕੀਤੀ ਗਈ, ਦੀ ਪ੍ਰਕਿਰਿਆ ਅਧੀਨ ਉਸ ਨੂੰ ਪੇਸ਼ ਕਰਦੇ ਹੋਏ ਅਦਾਲਤ ਅੰਦਰ ਗੁਪਤਾ ਦੇ ਸਾਹਮਣੇ ਦੋਸ਼ਾਂ ਨੂੰ ਪੜ੍ਹਿਆ ਗਿਆ ਅਤੇ ਉਸ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ। ਹਾਲਾਂਕਿ ਵਿਸ਼ਾਲ ਯਾਦਵ ਇਸ ਕੇਸ ਵਿੱਚ ਦੋਸ਼ੀ ਦਸਿਆ ਗਿਆ ਹੈ ਤੇ ਉਹ ਅਮਰੀਕਾ ਵਿੱਚ ਨਹੀਂ ਹੈ ਇਸ ਲਈ, ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ।
ਵਿਸ਼ਾਲ ਯਾਦਵ ਦਾ ਨਾਂ ਸੰਸ਼ੋਧਿਤ ਚਾਰਜਿੰਗ ਦਸਤਾਵੇਜ਼ ਵਿੱਚ ਕਥਿਤ “ਕਤਲ ਦੀ ਸਾਜ਼ਿਸ਼” ਵਿੱਚ ਦੋਸ਼ੀ ਵਜੋਂ ਜਨਤਕ ਕੀਤਾ ਗਿਆ ਸੀ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਇੱਕ ਭਾਰਤੀ ਜਾਂਚ ਟੀਮ ਦੇ ਅਮਰੀਕੀ ਅਧਿਕਾਰੀਆਂ ਨਾਲ ਚਰਚਾ ਲਈ ਬੁੱਧਵਾਰ ਨੂੰ ਵਾਸ਼ਿੰਗਟਨ ਦਾ ਦੌਰਾ ਕਰਨ ਤੋਂ ਇੱਕ ਦਿਨ ਬਾਅਦ ਜਾਰੀ ਕੀਤਾ ਗਿਆ ਸੀ। ਦਸਤਾਵੇਜ਼ ਵਿੱਚ, ਯਾਦਵ ਕੇਂਦਰੀ ਰਿਜ਼ਰਵ ਪੁਲਿਸ ਬਲ ਵਿੱਚ ਇੱਕ ਸਹਾਇਕ ਕਮਾਂਡੈਂਟ ਸੀ ਅਤੇ ਇੱਕ “ਸੀਨੀਅਰ ਫੀਲਡ ਅਫਸਰ” ਵਜੋਂ ਰਾਅ ਨਾਲ ਕੰਮ ਕਰ ਰਿਹਾ ਸੀ।
ਅਦਾਲਤ ਅੰਦਰ ਕਾਰਵਾਈ ਪ੍ਰਕਿਰਿਆਤਮਕ ਸੀ ਅਤੇ ਜੱਜ ਵਿਕਟਰ ਮੈਰੇਰੋ ਨੇ ਗੁਪਤਾ ਦੇ ਵਕੀਲ ਜੈਫਰੀ ਚੈਬਰੋ ਦੀ ਬੇਨਤੀ ‘ਤੇ ਅਗਲੀ ਸੁਣਵਾਈ ਲਈ 17 ਜਨਵਰੀ 2025 ਨੂੰ ਨਿਰਧਾਰਤ ਕਰ ਦਿੱਤਾ ਕਿਉਕਿ ਗੁਪਤਾ ਦੇ ਵਕੀਲ ਨੇ ਇਸਤਗਾਸਾ ਦੁਆਰਾ ਪੇਸ਼ ਕੀਤੇ ਸਬੂਤਾਂ ਦਾ ਅਧਿਐਨ ਕਰਨ ਲਈ ਹੋਰ ਸਮਾਂ ਮੰਗਿਆ ਸੀ।