ਭਾਰਤੀ ਕਨੂੰਨ ਸਿੱਖ ਕੌਮ ਦੇ ਹੱਕ ਵਿੱਚ ਕਿਸੇ ਕਿਸਮ ਦੀ ਕਰਵਟ ਲੈਂਦਾ ਨਜ਼ਰ ਨਹੀਂ ਆ ਰਿਹਾ : ਭਾਈ ਹਰਦੀਪ ਸਿੰਘ-ਭਾਈ ਮਨਦੀਪ ਸਿੰਘ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਿੱਖ ਕੌਮ ਦੇ ਸਿਰਲੱਥ ਯੋਧੇ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਨੇ ਸਿੱਖ ਕੌਮ ਦੇ ਵਿਰੁੱਧ ਜਹਿਰ ਉਗਲਣ ਵਾਲੇ ਸੁਧੀਰ ਸੂਰੀ ਨੂੰ ਸੋਧਾ ਲਾਇਆ, ਦੀ ਅੱਜ ਅੰਮ੍ਰਿਤਸਰ ਕਚਹਿਰੀ ਵਿੱਚ ਅਦਾਲਤੀ ਪੇਸ਼ੀ ਸੀ ਜੋਕਿ ਆਨਲਾਈਨ ਹੀ ਹੋਈ ਅਤੇ ਉਹਨਾਂ ਨੂੰ ਪਟਿਆਲਾ ਜੇਲ ਤੋਂ ਨਹੀਂ ਲਿਆਂਦਾ ਗਿਆ। ਇਸ ਮੌਕੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਸ਼ਹਿਰੀ ਕਾਰਜਕਾਰੀ ਮੈਂਬਰਾਂ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਭਾਈ ਸੰਨੀ ਦੇ ਦੋਵੇ ਭਰਾਵਾਂ ਭਾਈ ਹਰਦੀਪ ਸਿੰਘ ਅਤੇ ਭਾਈ ਮਨਦੀਪ ਸਿੰਘ ਦੇ ਨਾਲ ਅੰਮ੍ਰਿਤਸਰ ਕਚਿਹਰੀ ਕੰਪਲੈਕਸ ਵਿਖੇ ਇਕੱਤਰ ਹੋਏ।
ਭਾਈ ਸੰਨੀ ਦੇ ਦੋਨੋ ਭਰਾਵਾਂ ਦੇ ਨਾਲ ਇਸ ਮੌਕੇ ਤੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਤੋਂ ਅੰਮ੍ਰਿਤਸਰ ਕਾਰਜਕਾਰਨੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਹਰਜੀਤ ਸਿੰਘ ਪੁਰੇਵਾਲ, ਭਾਈ ਸੁਖਪ੍ਰੀਤ ਸਿੰਘ, ਭਾਈ ਦਿਲਰਾਜ ਸਿੰਘ ਖਾਨਕੋਟ, ਡਾਕਟਰ ਅਤੁੱਲ ਸ਼ਰਮਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਜਰਨਲ ਸਕੱਤਰ ਭਾਈ ਉਪਕਾਰ ਸਿੰਘ ਸੰਧੂ ਤੇ ਉਹਨਾਂ ਦੇ ਸਾਥੀ, ਅਕਾਲ ਖਾਲਸਾ ਦਲ ਤੋਂ ਭਾਈ ਹਰਪਾਲ ਸਿੰਘ ਖਾਲਿਸਤਾਨੀ ਤੇ ਉਹਨਾਂ ਦੇ ਸਾਥੀ ਵੀ ਹਾਜ਼ਰ ਸਨ। ਇਸ ਮੌਕੇ ਤੇ ਭਾਈ ਸੰਦੀਪ ਸਿੰਘ ਸੰਨੀ ਦੇ ਦੋਵੇਂ ਭਰਾਵਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਸਰਕਾਰਾਂ ਸਿੱਖ ਕੌਮ ਨਾਲ ਨਾਜਾਇਜ਼ ਧੱਕਾ ਕਰ ਰਹੀਆ ਹਨ ਅਤੇ ਭਾਰਤੀ ਕਨੂੰਨ ਵੀ ਸਿੱਖਾਂ ਦੇ ਹੱਕ ਵਿੱਚ ਕਿਸੇ ਕਿਸਮ ਦੀ ਕੋਈ ਕਰਵਟ ਲੈਂਦਾ ਨਜਰ ਨਹੀਂ ਆ ਰਿਹਾ ਹੈ।
ਉਹਨਾਂ ਕਿਹਾ ਕਿ ਪਹਿਲਾਂ ਹੀ ਸਾਡੇ ਸਿੱਖ ਬੰਦੀ ਸਿੰਘ ਸਜਾਂਵਾਂ ਪੂਰੀਆ ਹੋਣ ਦੇ ਬਾਵਜੂਦ ਜੇਲਾਂ ਵਿੱਚ ਬੰਦ ਹਨ ਜੋਕਿ ਸਰਾਸਰ ਬੇਇਨਸਾਫੀ ਹੈ ਤੇ ਅਜਿਹੇ ਵਿੱਚ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਉਹਨਾਂ ਸਾਰੀ ਸਿੱਖ ਕੌਮ ਨੂੰ ਆਪਣੇ ਨਿੱਜੀ ਵਖਰੇਂਵੇਂ ਮਿਟਾ ਕੇ ਇਕ ਨਿਸ਼ਾਨ ਥੱਲੇ ਇਕੱਤਰ ਹੋਕੇ ਸਿੱਖ ਕੌਮ ਵਿਰੁੱਧ ਹੋ ਰਹੇ ਅਨਿਆਇ ਦੇ ਖਿਲਾਫ਼ ਲੜਨ ਲਈ ਕਿਹਾ ਅਤੇ ਮੰਗ ਕੀਤੀ ਕਿ ਸਰਕਾਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰੇ।