(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ)
ਸਿੱਖ ਪੰਥ ਨੂੰ ਢਾਹ ਲਾਉਣ ਲਈ ਜਿੱਥੇ ਆਰਐਸਐਸ ਵਰਗੀਆਂ ਕੱਟੜ ਜਥੇਬੰਦੀਆਂ ਪੂਰੀ ਤਰ੍ਹਾਂ ਜਤਨਸ਼ੀਲ ਹਨ. ਓਥੇ ਓਹ ਇਹ ਕੰਮ ਸਿੱਖ ਚੇਹਰਿਆਂ ਤੋਂ ਹੀ ਕਰਵਾ ਕੇ ਇਕ ਵਡੀ ਭਰਾਮਾਰੂ ਜੰਗ ਵੀਂ ਆਪਣੇ ਗੁਪਤ ਏਜੰਡੇ ਰਾਹੀਂ ਵਰਤੋਂ ਕਰ ਰਹੀਆਂ ਹਨ। ਭਾਜਪਾ ਦੇ ਹੀ ਬੁਲਾਰੇ ਅਤੇ ਕਾਰਕੁਨ ਆਰਪੀ ਸਿੰਘ ਵਲੋਂ ਜਾਣ ਬੁੱਝ ਕੇ ਅਤੇ ਪੂਰੀ ਸੁਚੇਤ ਹੋ ਕੇ ਬੀਤੇ ਦਿਨ ਸ਼੍ਰੋਮਣੀ ਕਮੇਟੀ ਖ਼ਿਲਾਫ਼ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ‘ਸ਼੍ਰੋਮਣੀ ਇਸਾਈ ਸੰਮਤੀ’ ਵਿੱਚ ਤਬਦੀਲ ਹੋਣ ਜਾ ਰਹੀ ਹੈ।
ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਯੂਰੋਪੀਅਨ ਸਿੱਖ ਓਰਗੇਨਾਇਜੈਸ਼ਨ ਦੇ ਮੁੱਖੀ ਸਰਦਾਰ ਬਿੰਦਰ ਸਿੰਘ ਬੈਲਜੀਅਮ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਅਸੀਂ ਆਰ ਪੀ ਸਿਹੁੰ ਨੂੰ ਦਸਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਇੱਕ ਅਜਿਹੀ ਸੰਸਥਾ ਹੈ ਜੋ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਸੀ ਤਾਂ ਜੋ ਗੁਰਦੁਆਰਾ ਪ੍ਰਬੰਧ ਬਰਤਾਨਵੀ ਸਰਕਾਰ ਦੇ ਹੱਥੋਂ ਖੋਹ ਕੇ ਫਿਰਕੂ ਭਾਵਨਾਵਾਂ ਅਨੁਸਾਰ ਚਲਾਇਆ ਜਾ ਸਕੇ। ਆਪਣੇ 104 ਸਾਲਾਂ ਦੇ ਇਤਿਹਾਸ ਵਿੱਚ ਇਸ ਸੰਸਥਾ ਨੇ ਗਿਆਨ ਦੇ ਪ੍ਰਸਾਰ ਦੇ ਨਾਲ-ਨਾਲ ਸਿੱਖਿਆ, ਸਿਹਤ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਤੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਆਰਪੀ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਤੋੜ-ਮਰੋੜ ਕੇ ਇਸ ਨੂੰ ‘ਸ਼੍ਰੋਮਣੀ ਇਸਾਈ ਕਮੇਟੀ’ ਕਹਿ ਕੇ ਸੰਬੋਧਨ ਕੀਤਾ ਹੈ। ਇਹ ਉਹਨਾਂ ਦੀ ਬੌਧਿਕ ਗਰੀਬੀ ਅਤੇ ਫਿਰਕੂ ਸਮਝ ਦੇ ਕਮਜ਼ੋਰ ਹੋਣ ਨੂੰ ਦਰਸਾਉਂਦਾ ਹੈ। ਸਿਰ ਤੇ ਪਗੜੀ ਸਜਾਉਣ ਨਾਲ ਕੌਈ ਸਿੱਖ ਨਹੀਂ ਬਣ ਜਾਂਦਾ ਜਦੋ ਤਕ ਓਹਦੇ ਅੰਦਰ ਸਿੱਖੀ ਨੂੰ ਸਮਰਪਿਤ ਭਾਵਨਾਵਾਂ ਨਹੀਂ ਜਾਗਦੀਆਂ ਹਨ ਇਸ ਲਈ ਓਹ ਤਾਂ ਸਿੱਖ ਹੈ ਹੀ ਨਹੀਂ ਹਨ ਓਹ ਤਾਂ ਭਾਜਪਾਈ ਬੁਲਾਰੇ ਹਨ ਜਿਨ੍ਹਾਂ ਦਾ ਨਿਸ਼ਾਨਾ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਅਤੇ ਆਪਸ ਵਿਚ ਪਾਟੋਧਾਰ ਕਰਨਾ ਹੈ।
ਜਿੱਥੇ ਆਰਪੀ ਸਿੰਘ ਦੀ ਗਲਤ ਬਿਆਨ ਬਾਜੀ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਉਸ ਨੂੰ ਇਸ ਅਣਗਹਿਲੀ ਵਾਲੀ ਕਾਰਵਾਈ ਲਈ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਜੇਕਰ ਆਰਪੀ ਸਿੰਘ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਨਹੀਂ ਕਰਦੇ ਤਾਂ ਅਕਾਲ ਤਖਤ ਸਾਹਿਬ ਨੂੰ ਉਸ ਖ਼ਿਲਾਫ਼ ਤੁਰੰਤ ਕਾਰਵਾਈ ਕਰਣੀ ਚਾਹੀਦੀ ਹੈ।