(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਸ. ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ ਜੋ ਜਿੰਮੀਦਾਰਾਂ ਦੀਆਂ ਫਸਲਾਂ ਦੀ ਐਮ.ਐਸ.ਪੀ, ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ, ਕਿਸਾਨੀ ਕਰਜਿਆ ਤੇ ਵੱਡੇ ਧਨਾਢਾਂ ਦੇ ਕਰਜਿਆ ਦੀ ਤਰ੍ਹਾਂ ਲੀਕ ਮਾਰਨ ਤੇ ਹੋਰ ਮੰਗਾਂ ਦੀ ਪੂਰਤੀ ਕਰਵਾਉਣ ਹਿੱਤ ਖਨੌਰੀ ਬਾਰਡਰ ਉਤੇ ਬੀਤੇ 56 ਦਿਨਾਂ ਤੋ ਮਰਨ ਵਰਤ ਸੁਰੂ ਕੀਤਾ ਹੋਇਆ ਹੈ, ਉਸਦਾ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸਮੀਰ ਆਦਿ ਸੂਬਿਆਂ ਵਿਚ ਇਨਸਾਫ ਦੀ ਆਵਾਜ ਹੀ ਨਹੀ ਉੱਠ ਰਹੀ, ਬਲਕਿ ਇਸ ਕਿਸਾਨੀ ਸੰਘਰਸ ਦੀ ਆਵਾਜ ਅਮਰੀਕਾ, ਕੈਨੇਡਾ ਵਰਗੇ ਯੂਰਪਿੰਨ ਮੁਲਕਾਂ ਵਿਚ ਵੱਸਦੇ ਪੰਜਾਬੀਆਂ ਤੇ ਸਿੱਖਾਂ ਵਿਚ ਵੀ ਇਸ ਕਿਸਾਨੀ ਤਕਲੀਫ ਨੂੰ ਮੁੱਖ ਰੱਖਕੇ ਗੰਭੀਰਤਾ ਨਾਲ ਹਮਦਰਦੀ ਪੂਰਵਕ ਅਮਲ ਹੋ ਰਹੇ ਹਨ।
ਉਥੇ ਇਨ੍ਹਾਂ ਮੁਲਕਾਂ ਦੀਆਂ ਹਕੂਮਤਾਂ ਵਿਚ ਵੀ ਪੰਜਾਬ ਤੇ ਇੰਡੀਆ ਦੇ ਕਿਸਾਨਾਂ ਨਾਲ ਹਕੂਮਤੀ ਪੱਧਰ ਤੇ ਹੋ ਰਹੀ ਘੋਰ ਬੇਇਨਸਾਫ਼ੀ ਦੇ ਵਿਰੁੱਧ ਇਕ ਮਜਬੂਤ ਰਾਏ ਬਣ ਰਹੀ ਹੈ । ਪਰ ਕਿਸਾਨ ਯੂਨੀਅਨ ਦੀ ਅਮਲੀ ਰੂਪ ਵਿਚ ਏਕਤਾ ਨਾ ਹੋਣ ਦੀ ਬਦੌਲਤ ਇਸ ਸੰਘਰਸ਼ ਤੇ ਜਿਥੇ ਕਈ ਸਵਾਲ ਉੱਠਦੇ ਹਨ, ਉਥੇ ਸੈਟਰ ਵੱਲੋ ਕਿਸਾਨ ਆਗੂਆਂ ਨਾਲ ਆਈ.ਏ.ਐਸ. ਅਫਸਰਾਨ ਤੇ ਭੇਜੇ ਗਏ ਨੁਮਾਇੰਦਿਆ ਵੱਲੋ ਜੋ ਸ. ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਖਤਮ ਕਰਨ ਅਤੇ ਕਿਸਾਨੀ ਮਸਲਿਆ ਨੂੰ ਹੱਲ ਕਰਨ ਲਈ ਵਫਦ ਭੇਜਿਆ ਗਿਆ ਸੀ, ਉਸ ਹੋਈ ਗੱਲਬਾਤ ਅਧੀਨ 111 ਦੇ ਕਰੀਬ ਮਰਨ ਵਰਤ ਤੇ ਬੈਠੇ ਕਿਸਾਨਾਂ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ ਅਤੇ ਅਗਲੀ ਗੱਲਬਾਤ ਦੇ ਨਤੀਜੇ ਤੇ ਪਹੁੰਚਣ ਲਈ ਸ. ਡੱਲੇਵਾਲ ਦੀ ਸਹਿਮਤੀ ਨਾਲ 14 ਫਰਵਰੀ ਰੱਖੀ ਹੈ।
ਬੇਸੱਕ ਕਿਸਾਨ ਆਗੂਆਂ ਨੂੰ ਭਰੋਸਾ ਹੈ ਕਿ ਕਿਸਾਨੀ ਮੰਗਾਂ ਨੂੰ ਮੋਦੀ ਹਕੂਮਤ ਪ੍ਰਵਾਨ ਕਰੇਗੀ ਅਤੇ ਮਸਲੇ ਹੱਲ ਹੋ ਜਾਣਗੇ । ਇਸ ਮੁੱਦੇ ਤੇ ਸਮੁੱਚੇ ਪੰਜਾਬੀ, ਸਿੱਖ ਜਿੰਮੀਦਾਰ, ਮਜਦੂਰ ਸ. ਜਗਜੀਤ ਸਿੰਘ ਡੱਲੇਵਾਲ ਦੇ ਕੀਮਤੀ ਜੀਵਨ ਲਈ ਚਿੰਤਾ ਵਿਚ ਸਨ। ਜਿਸ ਨੂੰ ਗੱਲਬਾਤ ਰਾਹੀ ਉਨ੍ਹਾਂ ਵੱਲੋ ਡਾਕਟਰੀ ਸਹਾਇਤਾ ਲੈਕੇ ਉਸ ਜੋਖਮ ਨੂੰ ਖਤਮ ਕਰਨ ਵਿਚ ਠੀਕ ਕੀਤਾ ਹੈ। ਲੇਕਿਨ ਇਹ ਸਥਿਤੀ ਠੀਕ ਹੋਣ ਉਪਰੰਤ ਵੀ ਸਮੁੱਚੇ ਸੰਘਰਸਕਾਰੀਆਂ, ਪੰਜਾਬੀਆਂ ਤੇ ਸਿੱਖਾਂ ਵਿਚ ਇਸ ਗੱਲ ਦੀ ਸੰਕਾ ਖੜ੍ਹੀ ਹੋ ਗਈ ਹੈ ਕਿ ਗੱਲਬਾਤ ਨੂੰ ਸਿਰੇ ਲਗਾਉਣ ਲਈ ਇਕ ਮਹੀਨੇ ਦਾ ਲੰਮਾਂ ਸਮਾਂ ਕਿਉਂ ਰੱਖਿਆ ਗਿਆ ਹੈ ਕੀ ਹੁਕਮਰਾਨ ਦਿੱਲੀ ਵਿਖੇ ਕਿਸਾਨ ਸੰਘਰਸ ਦੀ ਤਰ੍ਹਾਂ ਫਿਰ ਤਾਂ ਕਿਸਾਨਾਂ ਨਾਲ ਧੋਖਾ ਤਾਂ ਨਹੀ ਕਰਨਗੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਵੱਲੋ ਭੇਜੇ ਆਈ.ਏ.ਐਸ ਅਫਸਰਾਨ ਅਤੇ ਨੁਮਾਇੰਦਿਆ ਵੱਲੋ ਸ. ਜਗਜੀਤ ਸਿੰਘ ਡੱਲੇਵਾਲ ਨਾਲ ਕਿਸਾਨੀ ਮਸਲਿਆ ਉਤੇ ਕੀਤੀ ਗੱਲ ਅਧੀਨ 111 ਕਿਸਾਨਾਂ ਦੇ ਮਰਨ ਵਰਤ ਨੂੰ ਖਤਮ ਕਰਨ ਅਤੇ ਸ. ਜਗਜੀਤ ਸਿੰਘ ਡੱਲੇਵਾਲ ਵੱਲੋ ਸਹੀ ਢੰਗ ਨਾਲ ਡਾਕਟਰੀ ਸਹਾਇਤਾ ਲੈਕੇ ਸਥਿਤੀ ਨੂੰ ਠੀਕ ਕਰਨ ਦੇ ਨਾਲ-ਨਾਲ ਸੈਟਰ ਦੇ ਹੁਕਮਰਾਨਾਂ ਵੱਲੋ 1 ਮਹੀਨਾ ਗੱਲਬਾਤ ਲਈ ਸਮਾਂ ਦੇਣ ਉਤੇ ਪੰਜਾਬੀਆਂ ਤੇ ਸਿੱਖਾਂ ਦੇ ਬਿਨ੍ਹਾਂ ਤੇ ਜੋ ਸੰਕਾ ਖੜ੍ਹੀ ਹੋ ਗਈ ਹੈ ਕਿ ਸੈਟਰ ਦੇ ਹੁਕਮਰਾਨ ਦਿੱਲੀ ਕਿਸਾਨ ਸੰਘਰਸ਼ ਦੀ ਤਰ੍ਹਾਂ ਫਿਰ ਤਾਂ ਨਹੀ ਧੋਖਾ ਕਰਨਗੇ, ਇਸ ਉਤੇ ਸ. ਡੱਲੇਵਾਲ ਤੇ ਹੋਰ ਕਿਸਾਨ ਆਗੂਆਂ ਨੂੰ ਉੱਠੇ ਸੰਕਿਆ ਨੂੰ ਨਵਿਰਤ ਕਰਨ ਹਿੱਤ ਸਪੱਸਟ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਜਦੋ ਸੈਟਰ ਦੇ ਹੁਕਮਰਾਨ ਕਿਸਾਨੀ ਮੰਗਾਂ ਨੂੰ ਪੂਰਨ ਕਰਨ ਤੇ ਪ੍ਰਵਾਨ ਕਰਨ ਲਈ ਸੁਹਿਰਦ ਹੈ ਤਾਂ ਸ. ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ 1 ਮਹੀਨੇ ਦਾ ਲੰਮਾਂ ਸਮਾਂ ਦੇਣ ਤੋ ਜਾਪਦਾ ਹੈ ਕਿ ਸਰਕਾਰ ਕਿਸਾਨਾਂ ਨਾਲ ਫਿਰ ਕੋਈ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਜਾਂ ਧੋਖਾ ਨਾ ਕਰ ਦੇਵੇ ਅਤੇ ਚੱਲ ਰਹੇ ਕਿਸਾਨੀ ਸੰਘਰਸ਼ ਜੋ ਇਸ ਸਮੇ ਟੀਸੀ ਤੇ ਪਹੁੰਚਿਆ ਹੋਇਆ ਹੈ, ਉਸ ਨੂੰ ਸੱਟ ਮਾਰਨ ਦੀ ਸਾਜਿਸ ਨਾ ਰਚ ਦੇਵੇ ? ਇਸ ਲਈ ਸ. ਡੱਲੇਵਾਲ ਜਿਨ੍ਹਾਂ ਦੀ ਆਪਣੇ ਸੰਘਰਸ਼ ਪ੍ਰਤੀ ਸੰਜ਼ੀਦਗੀ ਉਤੇ ਕੋਈ ਸਵਾਲ ਨਹੀ ਪਰ ਉਨ੍ਹਾਂ ਵੱਲੋ ਉੱਠੇ ਸੰਕਿਆ ਨੂੰ ਦੂਰ ਕਰਨ ਲਈ ਬਣਦਾ ਹੈ ਕਿ ਉਹ ਸੈਟਰ ਦੇ ਨੁਮਾਇੰਦਿਆ ਨਾਲ ਹੋਈ ਗੱਲਬਾਤ ਦੇ ਤੱਥ ਅਤੇ ਇਕ ਮਹੀਨੇ ਦੇ ਵਕਫੇ ਦੇ ਸੰਬੰਧ ਵਿਚ ਉੱਠ ਰਹੇ ਪ੍ਰਸ਼ਨਾਂ ਦਾ ਅੰਤ ਕਰਨ ਲਈ ਪ੍ਰਤੱਖ ਰੂਪ ਵਿਚ ਸਮੁੱਚੇ ਕਿਸਾਨ-ਮਜਦੂਰ, ਪੰਜਾਬੀਆਂ, ਸਿੱਖ ਕੌਮ ਨੂੰ ਸਪੱਸਟ ਕਰ ਦੇਣ ਤਾਂ ਕਿ ਇਹ ਕਿਸਾਨੀ ਮਸਲਿਆ ਦਾ ਸੰਘਰਸ਼ ਸਹੀ ਢੰਗ ਨਾਲ ਆਪਣੇ ਆਖਰੀ ਫੈਸਲੇ ਤੇ ਪਹੁੰਚ ਸਕੇ।
ਸੰਘਰਸ਼ੀਲ ਵਰਗ ਪੰਜਾਬੀਆਂ ਤੇ ਸਿੱਖਾਂ ਵਿਚ ਕਿਸੇ ਤਰ੍ਹਾਂ ਦੀ ਫਿਰ ਤੋ ਨਮੋਸੀ ਨਾ ਉੱਠੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਡੱਲੇਵਾਲ ਅਤੇ ਹੋਰ ਸਭ ਕਿਸਾਨ ਆਗੂ ਇਨ੍ਹਾਂ ਤੋਖਲਿਆ ਨੂੰ ਸਹੀ ਢੰਗ ਨਾਲ ਦੂਰ ਕਰ ਦੇਣਗੇ । ਤਾਂ ਕਿ ਕਿਸਾਨ ਸੰਘਰਸ਼ ਤੇ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਦੇ ਮਨ-ਆਤਮਾ ਵਿਚ ਇਸ ਸੰਜ਼ੀਦਾ ਵਿਸੇ ਉਤੇ ਕੋਈ ਭਰਮ ਭੁਲੇਖਾ ਨਾ ਰਹੇ।