(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਸੈਂਟਰ ਦੇ ਮੁਤੱਸਵੀ ਹੁਕਮਰਾਨ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਨ੍ਹਾਂ ਹੁਕਮਰਾਨਾਂ ਦੀ ਬੀ-ਟੀਮ ਬਣੀ ਸਰਕਾਰ ਵੱਲੋ ਕੁਝ ਸਮੇ ਤੋ ਵੱਖ-ਵੱਖ ਸਰਹੱਦੀ ਥਾਣਿਆਂ ਉਤੇ ਬੰਬ ਸੁੱਟਣ ਦੀਆਂ ਸਾਹਮਣੇ ਆ ਰਹੀਆ ਕਾਰਵਾਈਆ ਤੋ ਜਾਪਦਾ ਹੈ ਕਿ ਹੁਕਮਰਾਨ ਕਿਸੇ ਡੂੰਘੀ ਸਾਜਿਸ ਤਹਿਤ ਫਿਰ ਤੋ ਪੰਜਾਬ ਵਿਚ ਮਾਹੌਲ ਨੂੰ ਖਰਾਬ ਕਰਕੇ ਪੰਜਾਬੀਆਂ, ਵਿਸੇਸ ਤੌਰ ਤੇ ਸਿੱਖ ਕੌਮ ਤੇ ਸਿੱਖ ਨੌਜਵਾਨੀ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਣ ਦੇ ਦੁੱਖਦਾਇਕ ਅਮਲ ਕਰ ਰਹੇ ਹਨ। ਜਦੋਕਿ ਇਸ ਸਮੇ ਕਿਸੇ ਤਰ੍ਹਾਂ ਦੀ ਵੀ ਕੋਈ ਖਾੜਕੂ ਲਹਿਰ ਜਾਂ ਕੋਈ ਗੈਰ ਕਾਨੂੰਨੀ ਅਮਲ ਪੰਜਾਬ ਵਿਚ ਨਹੀ ਹੋ ਰਿਹਾ।

ਜਿਸ ਤੋ ਪ੍ਰਤੱਖ ਹੁੰਦਾ ਹੈ ਕਿ ਸੈਟਰ ਤੇ ਪੰਜਾਬ ਦੀਆਂ ਦੋਵੇ ਸਰਕਾਰਾਂ ਦੀ ਮੰਦਭਾਵਨਾ ਜਾਹਰ ਹੋ ਰਹੀ ਹੈ। ਇਸੇ ਲੜੀ ਦੇ ਅਧੀਨ ਬੀਤੇ ਦਿਨੀਂ ਭਿੱਖੀਵਿੰਡ ਦੇ ਨਿਵਾਸੀ ਸ. ਜਸਕਰਨ ਸਿੰਘ ਜੋ ਕਿ ਇਕ ਗਰੀਬ ਪਰਿਵਾਰ ਹੈ, ਉਸਦੇ ਦੋਵੇ ਪੁੱਤਰਾਂ ਪਵਨਦੀਪ ਸਿੰਘ ਅਤੇ ਅਨਮੋਲ ਸਿੰਘ ਨੂੰ ਪੁਲਿਸ ਵੱਲੋ ਬਿਨ੍ਹਾਂ ਵਜਹ ਘਰੋ ਚੁੱਕ ਕੇ ਪਵਨਦੀਪ ਸਿੰਘ ਦੀ ਲੱਤ ਤੋੜ ਦਿੱਤੀ ਗਈ ਹੈ ਅਤੇ ਅਨਮੋਲ ਸਿੰਘ ਦੀ ਬਾਂਹ ਤੋੜ ਦਿੱਤੀ ਗਈ ਹੈ। ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ ਕਿ ਆਮ ਗਰੀਬ ਪਰਿਵਾਰਾਂ ਨੂੰ ਨਿਸ਼ਾਨਾਂ ਬਣਾਕੇ ਪੰਜਾਬ ਵਿਚ ਫਿਰ ਤੋ ਦਹਿਸਤ ਪੈਦਾ ਕਰਨ ਦਾ ਮੰਦਭਾਗਾ ਵਰਤਾਰਾ ਹੋ ਰਿਹਾ ਹੈ। ਇਥੇ ਹੀ ਬਸ ਨਹੀ ਬਟਾਲਾ ਤੋ ਸ. ਰਣਜੀਤ ਸਿੰਘ ਨਾਮ ਦੇ ਨੌਜਵਾਨ ਦਾ ਬੀਤੇ ਸਮੇ ਦੀ ਤਰ੍ਹਾਂ ਝੂਠਾ ਪੁਲਿਸ ਮੁਕਾਬਲਾ ਕਰਕੇ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਸੰਬੰਧੀ ਪੰਜਾਬ ਸਰਕਾਰ ਵੱਲੋ ਕਿਸੇ ਤਰ੍ਹਾਂ ਦੀ ਕੋਈ ਜਾਂਚ ਜਾਂ ਸੱਚ ਨੂੰ ਸਾਹਮਣੇ ਲਿਆਉਣ ਲਈ ਕੋਈ ਅਮਲ ਨਹੀ ਹੋ ਰਿਹਾ। ਜੋ ਕਿ ਇਨ੍ਹਾਂ ਦੀ ਸਾਂਝੀ ਸਾਜਿਸ ਨੂੰ ਜਾਹਰ ਕਰਦਾ ਹੈ।

ਅਜਿਹਾ ਅਮਲ ਇਸ ਕਰਕੇ ਵੀ ਹੋ ਰਿਹਾ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਬੀਤੇ ਕੁਝ ਦਿਨ ਪਹਿਲੇ ਇਕ ਮਹੀਨੇ ਦੇ ਬਾਹਰਲੇ ਮੁਲਕ ਦੇ ਦੌਰੇ ਤੇ ਗਏ ਹੋਏ ਹਨ। ਜੋ ਅਕਸਰ ਹੀ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਬੇਇਨਸਾਫ਼ੀਆਂ ਵਿਰੁੱਧ ਦ੍ਰਿੜਤਾ ਨਾਲ ਆਵਾਜ ਉਠਾਉਦੇ ਆਏ ਹਨ ਉਨ੍ਹਾਂ ਦੀ ਗੈਰ ਹਾਜਰੀ ਵਿਚ ਇਹ ਤਸੱਸਦ ਦਾ ਦੌਰ ਸੁਰੂ ਕਰਨਾ ਵੀ ਇਨ੍ਹਾਂ ਦੀ ਸਾਂਝੀ ਸਾਜਿਸ ਦਾ ਹਿੱਸਾ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਹਰਲੇ ਮੁਲਕ ਤੋਂ ਫੋਨ ਰਾਹੀ ਆਪਣੇ ਮੁੱਖ ਦਫਤਰ ਵਿਖੇ ਇਸ ਸੰਬੰਧੀ ਦ੍ਰਿੜਤਾ ਨਾਲ ਪਾਰਟੀ ਵੱਲੋ ਵਿਰੋਧ ਕਰਨ ਅਤੇ ਕਾਤਲ ਤੇ ਦੋਸ਼ੀ ਅਫਸਰਸਾਹੀ ਵਿਰੁੱਧ ਸਟੈਂਡ ਲੈਣ ਅਤੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਸਮੇ ਆਪਣੇ ਇਖਲਾਕੀ ਤੇ ਸਮਾਜਿਕ ਫਰਜਾਂ ਦੀ ਇਮਾਨਦਾਰੀ ਨਾਲ ਪੂਰਤੀ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ।

ਉਨ੍ਹਾਂ ਇਸ ਗੱਲ ਦੀ ਵੀ ਖੁੱਲ੍ਹੇ ਰੂਪ ਵਿਚ ਮੰਗ ਕੀਤੀ ਕਿ ਉਪਰੋਕਤ ਸ. ਪਵਨਦੀਪ ਸਿੰਘ ਤੇ ਅਨਮੋਲ ਸਿੰਘ ਤੇ ਹੋਏ ਗੈਰ ਕਾਨੂੰਨੀ ਤਸੱਦਦ ਅਤੇ ਸ. ਰਣਜੀਤ ਸਿੰਘ ਦੀ ਝੂਠੇ ਮੁਕਾਬਲੇ ਵਿਚ ਹੋਈ ਮੌਤ ਦੀ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਦੋਸ਼ੀ ਪੁਲਿਸ ਅਫਸਰਸਾਹੀ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬੀਤੇ ਸਮੇ ਦੇ ਪੰਜਾਬ ਪੁਲਿਸ ਦੇ ਅਜਿਹੇ ਗੈਰ ਕਾਨੂੰਨੀ ਵਰਤਾਰੇ ਨੂੰ ਸਾਹਮਣੇ ਰੱਖਕੇ ਗੱਲ ਕੀਤੀ ਜਾਵੇ ਤਾਂ 90% ਅਜਿਹੇ ਮਾਮਲਿਆ ਵਿਚ ਪੁਲਿਸ ਤੇ ਸਰਕਾਰ ਦਾ ਜ਼ਬਰ ਹੀ ਸਾਹਮਣੇ ਆਉਦਾ ਰਿਹਾ ਹੈ। ਭਾਵੇਕਿ ਹੁਕਮਰਾਨ ਅਤੇ ਦੋਸ਼ੀ ਪੁਲਿਸ ਅਫਸਰਸਾਹੀ ਆਪਣੇ ਹਕੂਮਤੀ ਪ੍ਰਭਾਵ ਦੀ ਦੁਰਵਰਤੋ ਕਰਕੇ ਅਦਾਲਤਾਂ ਅਤੇ ਜੱਜਾਂ ਨੂੰ ਵੀ ਨਿਰਪੱਖਤਾ ਨਾਲ ਫੈਸਲਾ ਕਰਨ ਵਿਚ ਰੁਕਾਵਟ ਪਾਉਦੇ ਰਹੇ ਹਨ।

ਇਸ ਲਈ ਇਹ ਜਰੂਰੀ ਹੈ ਕਿ ਜੇਕਰ ਕਿਸੇ ਇਨਸਾਨ ਨੇ ਕੋਈ ਗੈਰ ਕਾਨੂੰਨੀ ਅਮਲ ਕੀਤਾ ਹੈ ਤਾਂ ਉਸ ਉਤੇ ਤਸੱਦਦ ਕਰਕੇ ਜਾਂ ਝੂਠਾ ਪੁਲਿਸ ਮੁਕਾਬਲਾ ਬਣਾਕੇ ਮਾਰ ਦੇਣ ਦੇ ਸਥਾਂਨ ਤੇ ਜੋ ਕਾਨੂੰਨੀ ਪ੍ਰਕਿਰਿਆ ਮੰਗ ਕਰਦੀ ਹੈ ਕਿ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ ਕੀਤਾ ਜਾਵੇ ਅਤੇ ਅਦਾਲਤ ਉਸਦੀ ਅਗਲੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਰਾਹੀ ਕਰਦੀ ਹੋਈ ਦੋਸ ਸਾਬਤ ਹੋਣ ਤੇ ਸਜਾਂ ਸੁਣਾਏ ਨਾ ਕਿ ਪੁਲਿਸ ਨੂੰ ਕੋਈ ਇਸ ਤਰ੍ਹਾਂ ਦਾ ਅਧਿਕਾਰ ਹੈ ਕਿ ਉਹ ਆਪਣੇ ਨਾਗਰਿਕਾਂ ਉਤੇ ਤਸੱਦਦ ਢਾਹੇ ਅਤੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਖਤਮ ਕਰੇ।

ਉਨ੍ਹਾਂ ਅਜਿਹੇ ਗੈਰ ਇਨਸਾਨੀ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹੀ ਕਾਰਵਾਈ ਕਰਨ ਵਾਲੇ ਕਿਸੇ ਵੀ ਪੁਲਿਸ ਜਾਂ ਸਿਵਲ ਅਫਸਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਾਨੂੰਨ ਰਾਹੀ ਸਜ਼ਾ ਦਿਵਾਉਣ ਤੋ ਕਤਈ ਪਿੱਛੇ ਨਹੀ ਹੱਟੇਗਾ ਅਤੇ ਨਾ ਹੀ ਪੰਜਾਬ ਵਿਚ ਫਿਰ ਤੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਉਨ੍ਹਾਂ ਨੂੰ ਪੁਲਿਸ ਦਾ ਨਿਸਾਨਾਂ ਬਣਾਉਣ ਦੀ ਇਜਾਜਤ ਦਿੱਤੀ ਜਾਵੇਗੀ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version