(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਅਸਤੀਫ਼ੇ ਦਾ ਮਾਮਲਾ ਵਿਚਾਰਨ ਲਈ ਅੱਜ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਵਿੱਚ ਫਿਲਹਾਲ ਉਨ੍ਹਾਂ ਦਾ ਅਸਤੀਫ਼ਾ ਪੈਂਡਿੰਗ ਰੱਖ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਅਸਤੀਫ਼ੇ ਉੱਪਰ ਦੀਰਘ ਵਿਚਾਰ ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਹੋਇਆ ਕਿ ਐਡਵੋਕੇਟ ਧਾਮੀ ਦੀਆਂ ਸੇਵਾਵਾਂ ਦੀ ਸਿੱਖ ਸੰਸਥਾ ਨੂੰ ਅਜੇ ਵੱਡੇ ਲੋੜ ਹੈ ਇਸ ਲਈ ਉਨ੍ਹਾਂ ਨੂੰ ਸੇਵਾਵਾਂ ਜਾਰੀ ਰੱਖਣ ਲਈ ਕਿਹਾ ਜਾਵੇ।
ਇਕੱਤਰਤਾ ਤੋਂ ਬਾਅਦ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸਰਬਸੰਮਤੀ ਨਾਲ ਐਡਵੋਕੇਟ ਧਾਮੀ ਦਾ ਅਸਤੀਫ਼ਾ ਪੈਂਡਿੰਗ ਰੱਖ ਕੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਨੇ ਕਠਿਨ ਹਾਲਾਤਾਂ ਵਿੱਚ ਸ਼੍ਰੋਮਣੀ ਕਮੇਟੀ ਦੀ ਸੁਚੱਜੀ ਅਗਵਾਈ ਕੀਤੀ ਹੈ ਅਤੇ ਇਸ ਅਰਸੇ ਦੌਰਾਨ ਸੰਸਥਾ ਵੱਲੋਂ ਤਰੱਕੀ ਦੀਆਂ ਪੁਲਾਂਘਾਂ ਪੁੱਟੀਆਂ ਗਈਆਂ ਹਨ। ਇਸ ਲਈ ਅੰਤ੍ਰਿੰਗ ਕਮੇਟੀ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਮਹਿਸੂਸ ਕੀਤਾ ਹੈ ਕਿ ਜਿਹੜੇ ਕਾਰਨਾਂ ਕਰਕੇ ਐਡਵੋਕੇਟ ਧਾਮੀ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦਿੱਤਾ ਹੈ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸਾਹਿਬਾਨ ਸਮੇਤ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਜਾਂਚ ਪੜਤਾਲ ਉਪਰੰਤ ਫੈਸਲਾ ਲੈਣ ਦਾ ਹੱਕ ਅੰਤ੍ਰਿੰਗ ਕਮੇਟੀ ਪਾਸ ਹੈ।
ਇਸੇ ਤਹਿਤ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨ ਦਾ ਫ਼ੈਸਲਾ ਇਕੱਲੇ ਪ੍ਰਧਾਨ ਐਡਵੋਕੇਟ ਧਾਮੀ ਦਾ ਨਹੀਂ ਬਲਕਿ ਸਮੁੱਚੀ ਅੰਤ੍ਰਿੰਗ ਕਮੇਟੀ ਵੱਲੋਂ ਕੀਤਾ ਗਿਆ ਹੈ। ਇਸ ਲਈ ਉਨ੍ਹਾਂ ਦਾ ਅਸਤੀਫ਼ਾ ਵਧੇਰੇ ਵਿਚਾਰ ਲਈ ਪੈਂਡਿੰਗ ਕਰ ਦਿੱਤਾ ਗਿਆ ਹੈ ਅਤੇ ਇਹ ਵੀ ਫੈਸਲਾ ਹੋਇਆ ਹੈ ਕਿ ਅੰਤ੍ਰਿੰਗ ਕਮੇਟੀ ਐਡਵੋਕੇਟ ਧਾਮੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਲਈ ਅਪੀਲ ਕਰੇਗੀ।
ਇਸ ਦੌਰਾਨ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਦੇ ਅਧਿਕਾਰ ਖੇਤਰ ਵੱਖੋ-ਵੱਖਰੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖ ਗੁਰਦੁਆਰਾ ਐਕਟ 1925 ਵਿੱਚ ਸਾਰੇ ਕਾਨੂੰਨੀ, ਵਿੱਤੀ, ਪ੍ਰਸ਼ਾਸਨਿਕ ਅਤੇ ਸੰਵਿਧਾਨਕ ਅਧਿਕਾਰ ਦਿੱਤੇ ਗਏ ਹਨ ਉੱਥੇ ਹੀ ਇਸਦੇ ਅਧਿਕਾਰੀਆਂ, ਕਰਮਚਾਰੀਆਂ ਸਬੰਧੀ ਸੇਵਾ ਨਿਯਮ ਬਣਾਉਣ ਦੇ ਵੀ ਮੁਕੰਮਲ ਹੱਕ ਹਕੂਕ ਹਨ।
ਸੇਵਾ ਨਿਯਮਾਂ ਅਧੀਨ ਆਉਂਦੇ ਕਿਸੇ ਵੀ ਅਧਿਕਾਰੀ, ਕਰਮਚਾਰੀ ਵੱਲੋਂ ਕੋਈ ਗਲਤੀ, ਗੁਨਾਹ ਜਾਂ ਅਣਗਹਿਲੀ ਕਰਨ ਉੱਤੇ ਅਨੁਸ਼ਾਸਨੀ ਕਾਰਵਾਈ ਵੀ ਕਮੇਟੀ ਵੱਲੋਂ ਮਿਲੇ ਅਧਿਕਾਰਾਂ ਤਹਿਤ ਕੀਤੀ ਜਾਂਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਗ੍ਰੰਥੀ ਅਤੇ ਸੰਸਥਾ ਦੇ ਪ੍ਰਬੰਧ ਵਾਲੇ ਤਖ਼ਤ ਸਾਹਿਬਾਨ ਦੇ ਜਥੇਦਾਰ ਨਿਯੁਕਤ ਕਰਨ ਅਤੇ ਸੇਵਾਮੁਕਤ ਕਰਨ ਦੇ ਫੈਸਲਿਆਂ ਦੀ ਜ਼ਿੰਮੇਵਾਰੀ ਵੀ ਸਿੱਖ ਗੁਰਦੁਆਰਾ ਐਕਟ ਰਾਹੀਂ ਸ਼੍ਰੋਮਣੀ ਕਮੇਟੀ ਪਾਸ ਹੈ। ਉਨ੍ਹਾਂ ਕਿਹਾ ਕਿ ਇਸ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਜਾਂਚ ਪੜਤਾਲ ਕਰਨੀ ਅਤੇ ਕਾਰਵਾਈ ਕਰਨੀ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਹੈ ਜਿਸ ਉੱਤੇ ਬੇਲੋੜਾ ਵਿਵਾਦ ਕੀਤਾ ਜਾ ਰਿਹਾ ਹੈ। ਸ. ਵਿਰਕ ਨੇ ਕਿਹਾ ਕਿ ਜਿਹੜੀ ਕਾਰਵਾਈ ਗਿਆਨੀ ਹਰਪ੍ਰੀਤ ਸਿੰਘ ਉੱਤੇ ਕੀਤੀ ਗਈ ਉਹ ਇਕੱਲੇ ਪ੍ਰਧਾਨ ਐਡਵੋਕੇਟ ਧਾਮੀ ਦੀ ਨਹੀਂ ਸੀ ਸਗੋਂ ਇਹ ਇੱਕ ਵਿਧੀ ਵਿਧਾਨ ਰਾਹੀਂ ਸੇਵਾ ਨਿਯਮਾਂ ਤਹਿਤ ਅੰਤ੍ਰਿੰਗ ਕਮੇਟੀ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਉੱਤੇ ਲੱਗੇ ਦੋਸ਼ਾਂ ਦੀ ਪੜਤਾਲ ਦੇ ਤੱਥ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਨਿਜੀ ਪੱਖ ਰੱਖਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮਰਯਾਦਾ ਦੀ ਉਲੰਘਣਾ ਕੀਤੀ ਅਤੇ ਗੁਰਬਾਣੀ ਕੀਰਤਨ ਨੂੰ ਰੋਕ ਕੇ ਆਪਣੇ ਸਾਹਮਣੇ ਜਬਰੀ ਪੰਜ ਪਿਆਰੇ ਖੜ੍ਹੇ ਕਰਕੇ ਘੋਰ ਅਪਮਾਨ ਕੀਤਾ। ਦੋਸ਼ਾਂ ਦਾ ਸਪਸ਼ਟੀਕਰਨ ਆਪਣੀ ਬਣਾਈ ਮਰਯਾਦਾ ਅਨੁਸਾਰ ਦੇ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਅਤੇ ਜਾਂਚ ਕਮੇਟੀ ਵੱਲੋਂ ਵਾਰ-ਵਾਰ ਸੰਪਰਕ ਕੀਤੇ ਜਾਣ ਉੱਤੇ ਵੀ ਸਹਿਯੋਗ ਨਹੀਂ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਪਤਿਤ ਦੇ ਅਨੰਦ ਕਾਰਜ ਦੀ ਅਰਦਾਸ ਕਰਨੀ ਵੀ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਪਮਾਨ ਕਰਨ ਵਾਲਾ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਅਤੇ ਬੇਅਦਬੀ ਦੀਆਂ ਘਟਨਾਵਾਂ ਬਾਰੇ ਗੰਭੀਰ ਸ਼ਿਕਾਇਤਾਂ ਮਿਲਣ ਅਤੇ ਤੱਥ ਸਾਹਮਣੇ ਆਉਣ ਤੋਂ ਬਾਅਦ ਵੀ ਨਜ਼ਰਅੰਦਾਜ ਕੀਤਾ ਅਤੇ ਜ਼ਿੰਮੇਵਾਰੀ ਨਾ ਨਿਭਾਈ। ਅਜਿਹੇ ਵਿੱਚ ਸੇਵਾ ਨਿਯਮਾਂ ਤਹਿਤ ਉਨ੍ਹਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਠੀਕ ਹੈ ਅਤੇ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰਾਂ ਵਿਰੁੱਧ ਕਹਿਣਾ ਬਿਲਕੁਲ ਬੇਬੁਨਿਆਦ ਹੈ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕਰਕੇ ਸਤਿਕਾਰ ਭੇਟ ਕੀਤਾ ਗਿਆ ਹੈ।
ਇਕੱਤਰਤਾ ਮਗਰੋਂ ਅਹੁਦੇਦਾਰ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨਾਲ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਕੱਤਰਤਾ ਦੌਰਾਨ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ, ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਸ. ਅਮਰੀਕ ਸਿੰਘ ਵਿਛੋਆ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਬਲਦੇਵ ਸਿੰਘ ਕਾਇਮਪੁਰ, ਸ. ਦਲਜੀਤ ਸਿੰਘ ਭਿੰਡਰ, ਸ. ਸੁਖਹਰਪ੍ਰੀਤ ਸਿੰਘ ਰੋਡੇ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਜਸਵੰਤ ਸਿੰਘ ਪੁੜੈਣ, ਸ. ਪਰਮਜੀਤ ਸਿੰਘ ਰਾਏਪੁਰ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਇੰਜੀ: ਸੁਖਮਿੰਦਰ ਸਿੰਘ, ਸ. ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ. ਸ਼ਾਹਬਾਜ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਕਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਅਤੇ ਇੰਚਾਰਜ ਸ. ਅਜ਼ਾਦਦੀਪ ਸਿੰਘ ਆਦਿ ਮੌਜੂਦ ਸਨ।