(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਇੰਡੀਆਂ ਵਿਚ ਬੀਤੇ 10 ਸਾਲਾਂ ਤੋਂ ਸੈਂਟਰ ਵਿਚ ਬੀਜੇਪੀ- ਆਰ.ਐਸ.ਐਸ ਦੀ ਮੁਤੱਸਵੀ ਹਕੂਮਤ ਚੱਲਦੀ ਆ ਰਹੀ ਹੈ। ਪਰ ਇਨ੍ਹਾਂ 10 ਸਾਲਾਂ ਵਿਚ ਇਨ੍ਹਾਂ ਵੱਲੋਂ ਮੁਲਕ ਦੀਆਂ ਸਮਾਜਿਕ, ਇਖਲਾਕੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਜਾਂ ਮੁਲਕ ਨਿਵਾਸੀਆਂ ਦੀ ਮਾਲੀ ਹਾਲਤ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਅਮਲ ਜਾਂ ਪ੍ਰੋਗਰਾਮ ਨਹੀ ਦਿੱਤਾ ਗਿਆ। ਬਲਕਿ ਲੰਮੇ ਸਮੇਂ ਤੋਂ ਸਾਜਸ਼ੀ ਢੰਗਾਂ ਰਾਹੀਂ ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ, ਆਦਿਵਾਸੀਆਂ ਆਦਿ ਨਾਲ ਜ਼ਬਰ ਜੁਲਮ ਕਰਦੇ ਹੋਏ ਅਤੇ ਇਨ੍ਹਾਂ ਵਿਚ ਨਫਰਤ ਪੈਦਾ ਕਰਦੇ ਹੋਏ ਲੜਾਈਆ ਕਰਵਾਉਣ ਅਤੇ ਸਮਾਜਿਕ ਮਾਹੌਲ ਨੂੰ ਗੰਧਲਾ ਕਰਨ ਦੇ ਹੀ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ।
ਇਥੋ ਤੱਕ ਇਹ ਹੁਕਮਰਾਨ ਆਪਣੀਆ ਏਜੰਸੀਆ ਰਾਹੀ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕਰਦੇ ਆ ਰਹੇ ਹਨ। ਅਸਾਮ, ਬਿਹਾਰ, ਵੈਸਟ ਬੰਗਾਲ, ਛੱਤੀਸਗੜ੍ਹ, ਝਾਂਰਖੰਡ, ਉੜੀਸਾ, ਮਿਜੋਰਮ, ਮੇਘਾਲਿਆ ਆਦਿ ਸੂਬਿਆਂ ਵਿਚ ਪਹਾੜਾਂ ਅਤੇ ਜੰਗਲਾਂ ਵਿਚ ਵੱਸਣ ਵਾਲੇ ਆਦਿਵਾਸੀਆਂ ਦੇ ਆਮਦਨ ਦੇ ਵਸੀਲੇ ਖੋਹਕੇ ਉਨ੍ਹਾਂ ਨਾਲ ਘੋਰ ਵਿਧਾਨਿਕ ਤੇ ਸਮਾਜਿਕ ਵਿਤਕਰੇ ਕਰਦੇ ਆ ਰਹੇ ਹਨ। ਮੁਸਲਮਾਨਾਂ ਉਤੇ ਜੰਮੂ ਕਸਮੀਰ ਵਿਚ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਉਨ੍ਹਾਂ ਦੇ ਬੱਚਿਆਂ, ਬੀਬੀਆਂ, ਨੌਜਵਾਨਾਂ ਦਾ ਨਿਰੰਤਰ ਕਤਲੇਆਮ ਕਰਦੇ ਆ ਰਹੇ ਹਨ। ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਜੋ ਇੰਡੀਆ ਦੀ ਸੁਪਰੀਮ ਕੋਰਟ ਇਸ ਵਿਧਾਨ ਦੀ ਰਖਵਾਲੀ ਹੈ, ਉਹ ਇਹ ਸਭ ਕੁਝ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਹੁੰਦੇ ਆ ਰਹੇ ਹਕੂਮਤੀ ਅਮਲਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀ ਰੋਕਣ ਦੇ ਫਰਜ ਅਦਾ ਕਰਨ ਦੀ ਬਜਾਇ ਮੂਕ ਦਰਸ਼ਕ ਬਣਕੇ ਦੇਖਦੀ ਆ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸੈਟਰ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਦੇ 10 ਸਾਲਾਂ ਦੇ ਰਾਜ ਭਾਗ ਦੌਰਾਨ ਇਥੋ ਦੇ ਮੁਲਕ ਨਿਵਾਸੀਆਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਦੀ ਬਜਾਇ ਜਾਣਬੁੱਝ ਕੇ ਸਾਜਸੀ ਢੰਗਾਂ ਰਾਹੀ ਮਸਲਿਆ ਨੂੰ ਉਲਝਾਉਣ ਅਤੇ ਘੱਟ ਗਿਣਤੀ ਕੌਮਾਂ, ਆਦਿਵਾਸੀਆ, ਦਲਿਤਾਂ, ਨਕਸਲਾਈਟਾਂ ਆਦਿ ਨੂੰ ਗੈਰ ਵਿਧਾਨਿਕ ਢੰਗਾਂ ਰਾਹੀ ਕਤਲੇਆਮ ਕਰਨ ਤੇ ਜ਼ਬਰ ਢਾਹੁਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਨ੍ਹਾਂ ਦੀਆਂ ਇਨਸਾਨੀਅਤ ਮਾਰੂ ਨੀਤੀਆ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ 1962 ਦੀ ਚੀਨ-ਇੰਡੀਆ ਜੰਗ ਸਮੇਂ ਇੰਡੀਆਂ ਦਾ 40000 ਸਕੇਅਰ ਵਰਗ ਕਿਲੋਮੀਟਰ ਚੀਨ ਨੂੰ ਗੁਆਇਆ ਇਲਾਕਾ, 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਇਲਾਕਾ ਵਾਪਸ ਲੈਣ ਦੀ ਤਾਂ ਗੱਲ ਨਹੀ ਕਰ ਰਹੇ ਲੇਕਿਨ ਉਸੇ ਚੀਨ ਨਾਲ ਸਭ ਤਰ੍ਹਾਂ ਦਾ ਵਪਾਰ ਕਰਕੇ ਹੋਰ ਵੀ ਸ਼ਰਮਨਾਕ ਅਮਲ ਕੀਤੇ ਜਾ ਰਹੇ ਹਨ। ਜਦੋਂਕਿ ਅਸੀ ਲੰਮੇ ਸਮੇ ਤੋ ਜਮਹੂਰੀਅਤ ਤੇ ਵਿਧਾਨਿਕ ਢੰਗਾਂ ਰਾਹੀ ਸਰਹੱਦਾਂ ਖੋਲਣ ਦੀ ਇਸ ਲਈ ਮੰਗ ਕਰਦੇ ਆ ਰਹੇ ਹਾਂ ਤਾਂ ਕਿ ਇਥੋ ਦੀਆਂ ਜਿੰਮੀਦਾਰਾਂ ਦੀਆਂ ਫਸਲਾਂ ਤੇ ਵਪਾਰੀਆ ਦੇ ਉਤਪਾਦਾਂ ਨੂੰ ਮੱਧ ਏਸੀਆ ਅਤੇ ਅਰਬ ਮੁਲਕਾਂ ਵਿਚ ਸਹੀ ਕੀਮਤਾਂ ਤੇ ਵੇਚਕੇ ਇਥੋ ਦੀ ਮਾਲੀ ਹਾਲਤ ਨੂੰ ਮਜਬੂਤ ਕੀਤਾ ਜਾ ਸਕੇ।
ਇਸੇ ਤਰ੍ਹਾਂ ਇਨ੍ਹਾਂ ਨੇ ਹਿੰਦੂ-ਮੁਸਲਿਮ ਵਿਚ ਨਫਰਤ ਨੂੰ ਵਧਾਉਣ ਹਿੱਤ ਉਨ੍ਹਾਂ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਕੇ ਆਪਣੀ ਸੋਚ ਦੇ ਜੱਜਾਂ ਰਾਹੀ ਫੈਸਲਾ ਕਰਕੇ ਰਾਮ ਮੰਦਰ ਬਣਵਾਇਆ । ਜੋ ਫ਼ੋਜ ਦੀ ਭਰਤੀ ਕੇਵਲ 4 ਸਾਲ ਲਈ ਕੀਤੀ ਗਈ ਹੈ ਉਸ ਨਾਲ ਤਾਂ 4 ਸਾਲਾਂ ਵਿਚ ਇਕ ਸਿਪਾਹੀ ਪਹਾੜੀ ਇਲਾਕੇ, ਜੰਗਲ ਦੇ ਇਲਾਕੇ ਅਤੇ ਸਹਿਰਾਂ ਦੀਆਂ ਜੰਗਾਂ ਦੀ ਤਕਨੀਕ ਅਤੇ ਫ਼ੌਜੀ ਹਥਿਆਰਾਂ ਦੀ ਪੂਰਨ ਰੂਪ ਵਿਚ ਸਖਲਾਈ ਵੀ ਪੂਰੀ ਨਹੀ ਕਰ ਸਕਦਾ । ਕਿ ਜੋ ਇਨ੍ਹਾਂ ਦੇ ਥੋੜ੍ਹੇ ਬਹੁਤੇ ਰਨਵੇਅ ਬਣੇ ਹੋਏ ਹਨ, ਉਨ੍ਹਾਂ ਉਤੇ ਬੰਬ ਸੁੱਟਕੇ ਉਨ੍ਹਾਂ ਨੂੰ ਤੋੜਨ ਲੱਗੇ ਹੋਏ ਹਨ ਫਿਰ ਜਹਾਜ ਕਿਵੇ ਚੜ੍ਹਨਗੇ ਅਤੇ ਕਿਵੇ ਲੈਡ ਕਰਨਗੇ ? ਇਹ ਹੁਕਮਰਾਨ ਆਪਣੇ ਪ੍ਰਚਾਰ ਸਾਧਨਾਂ ਰਾਹੀ ਸਵੱਛਤਾ ਦਾ ਬਹੁਤ ਵੱਡਾ ਪ੍ਰਚਾਰ ਕਰ ਰਹੇ ਹਨ ਜਦੋਕਿ ਇਥੇ ਹਰ ਸ਼ਹਿਰ, ਪਿੰਡ ਵਿਚ ਗੰਦਗੀ ਫੈਲੀ ਹੋਈ ਹੈ, ਆਪਣੀ ਗੰਗਾਂ ਮਾਤਾ ਦੇ ਨਾਮ ਨਾਲ ਚੱਲ ਰਹੀ ਨਦੀ ਦੀ ਵੀ ਸਫਾਈ ਨਹੀ ਕਰਵਾ ਸਕੇ।
ਗੰਦ ਐਨਾ ਫੈਲਿਆ ਹੋਇਆ ਹੈ ਕਿ ਇਨ੍ਹਾਂ ਦੀ ਗਊ ਜਿਸ ਨੂੰ ਇਹ ਆਪਣੀ ਮਾਤਾ ਕਹਿੰਦੇ ਹਨ ਉਹ ਲਿਫਾਫੇ ਤੇ ਪਲਾਸਟਿਕ ਖਾਂ ਕੇ ਆਪਣਾ ਢਿੱਡ ਭਰ ਰਹੀ ਹੈ । ਇਥੋ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਤਾਲੀਮ, ਰਸੋਈ ਗੈਸ, ਰਸੋਈ ਵਿਚ ਵਰਤੋ ਆਉਣ ਵਾਲੀਆ ਰੋਜਾਨਾ ਦੀਆਂ ਵਸਤਾਂ ਦਾਲਾ, ਖੰਡ, ਘੀਓ ਆਦਿ ਸਭ ਦੀ ਕੀਮਤ ਅਸਮਾਨ ਛੂ ਰਹੀ ਹੈ । ਫਿਰ ਇਹ ਆਪਣੇ 10 ਸਾਲਾਂ ਦੇ ਮੀਡੀਏ ਵਿਚ ਕਾਮਯਾਬੀਆ ਦੇ ਸੋਹਲੇ ਕਿਸ ਦਲੀਲ ਅਧੀਨ ਗਾ ਤੇ ਪ੍ਰਚਾਰ ਕਰ ਰਹੇ ਹਨ ? ਕਹਿਣ ਤੋ ਭਾਵ ਹੈ ਕਿ ਬੀਜੇਪੀ-ਆਰ.ਐਸ.ਐਸ. ਦੀ ਸਰਕਾਰ ਹਰ ਤਰਫੋ ਪੂਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ । ਇਸ ਲਈ ਸਾਡੀ ਮੁਲਕ ਨਿਵਾਸੀਆ ਨੂੰ ਅਪੀਲ ਹੈ ਕਿ ਉਹ ਇਸ ਦਿਸ਼ਾਹੀਣ, ਕੰਮਜੋਰ, ਸਿਧਾਤਿਕ ਤੇ ਇਖਲਾਕੀ ਸੋਚ ਦੀ ਦੁਸਮਣ, ਘੱਟ ਗਿਣਤੀਆ ਦਾ ਕਤਲੇਆਮ ਕਰਨ ਵਾਲੀ ਬੀਜੇਪੀ-ਆਰ.ਐਸ.ਐਸ ਨੂੰ ਆਪਣੇ ਵੋਟ ਹੱਕ ਰਾਹੀ ਕਰਾਰੀ ਹਾਰ ਦਿੱਤੀ ਜਾਵੇ।