(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ-ਡੇਲਟਾ) ਦੇ ਵਿਚ ਬੀਤੀ 12 ਅਪ੍ਰੈਲ ਨੂੰ ਵਾਪਰੀ ਨਿੰਦਣਯੋਗ ਘਟਨਾ ਜਿਸ ਵਿਚ ਭਾਈ ਮਨਜਿੰਦਰ ਸਿੰਘ ਐੱਸਐੱਫਜੇ ਦੀ ਦਸਤਾਰ ਉਤਾਰੀ ਗਈ ਅਤੇ ਓਹਨਾ ਦੀ ਕੁੱਟ-ਮਾਰ ਕੀਤੀ ਗਈ ਸੀ ਜੋ ਕਿ ਬੇਹੱਦ ਸ਼ਰਮਨਾਕ ਸੀ। ਪਰ ਗੁਰੂ ਘਰ ਦੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਜੌਹਲ ਨੇ ਇਸ ਘਟਨਾ ਨੂੰ ਝੂਠ ਦੱਸਿਆ ਅਤੇ ਮੀਡੀਆ ਵਿੱਚ ਗੁਮਰਾਹ ਕਰਦਿਆਂ ਲੇਖ ਦਿੱਤਾ ਗਿਆ ਜੋ ਕਿ ਉਨ੍ਹਾਂ ਦੇ ਓਹਦੇ ਮੁਤਾਬਿਕ ਸ਼ੋਭਾ ਯੋਗ ਨਹੀਂ ਹੈ । ਪਰ ਓਹ ਭੁੱਲ ਗਏ ਕਿ ਸੰਗਤਾਂ ਨੂੰ ਸੱਚ ਅਤੇ ਝੂਠ ਪਤਾ ਹੈ।
ਗੁਰੂ ਘਰ ਦੇ ਮੈਨੇਜਰ ਹਰਜੀਤ ਸਿੰਘ ਨੂੰ ਬੇਨਤੀ ਕੀਤੀ ਵੀ ਗਈ ਸੀ ਕਿ ਜੋ ਸੰਗਤੀ ਰੂਪ ਵਿਚ ਮੀਟਿੰਗ ਰੱਖਣੀ ਹੈ ਉਹ 19 ਅਪ੍ਰੈਲ ਤੋਂ ਬਾਅਦ ਰੱਖ ਲਈ ਜਾਏ ਪਰ ਜਾਣ-ਬੁੱਝ ਕੇ ਮੀਟਿੰਗ 12 ਅਪ੍ਰੈਲ ਨੂੰ ਰੱਖੀ ਗਈ ਜਿਸ ਦੇ ਵਿਚ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਸ਼ਖਸ਼ੀਅਤਾਂ ਵੀ ਸ਼ਾਮਲ ਨਹੀਂ ਹੋ ਸਕੀਆਂ ਸਨ ਅਤੇ ਸੰਵਿਧਾਨਿਕ ਤੌਰ ਤੇ ਇਸ ਤਰੀਕੇ ਨਾਲ ਮੀਟਿੰਗ ਬੁਲਾਈ ਵੀ ਨਹੀਂ ਜਾ ਸਕਦੀ ਸੀ। ਕਰਵਾਈ ਗਈ ਮੀਟਿੰਗ ਦੇ ਵਿਚ ਝੂਠ ਪ੍ਰਚਾਰਿਆ ਗਿਆ ਕਿ ਕਮੇਟੀ ਵੱਲੋਂ ਮੈਨੇਜਰ ਹਰਜੀਤ ਸਿੰਘ ਨੂੰ ਬਰਖਾਸਤ ਕੀਤਾ ਗਿਆ ਹੈ ਜਦਕਿ ਮੈਨੇਜਰ ਨੂੰ ਕਦੇ ਵੀ ਬਰਖਾਸਤ ਨਹੀਂ ਕੀਤਾ ਗਿਆ ਸੀ।
ਇਸ ਦੌਰਾਨ ਜਦੋਂ ਭਾਈ ਮਨਜਿੰਦਰ ਸਿੰਘ ਆਪਣੀ ਗੱਲ ਰੱਖਣ ਲਈ ਸਟੇਜ ਤੇ ਗਏ ਤਾਂ ਉਹਨਾਂ ਨਾਲ ਕੁੱਟ-ਮਾਰ ਕੀਤੀ ਗਈ ਅਤੇ ਦਸਤਾਰ ਉਤਾਰ ਕੇ ਬੇਅਦਬੀ ਕੀਤੀ ਗਈ। ਇਸ ਘਟਨਾ ਨੂੰ ਝੂਠ ਦੱਸਕੇ ਅਤੇ ਕੁਝ ਹੋਇਆ ਹੀ ਨਹੀਂ ਕਹਿਕੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਜੌਹਲ ਵਲੋਂ ਦਸਣਾ ਚਾਹੀਦਾ ਹੈ ਕਿ ਅਸਪਤਾਲ ਦੀਆਂ ਰਿਪੋਰਟਾਂ ਝੂਠੀਆਂ ਹਨ ਜਾਂ ਪੁਲਿਸ ਵਲੋਂ ਕੀਤੀ ਜਾ ਰਹੀ ਤਫਤੀਸ਼। ਉਨ੍ਹਾਂ ਨੂੰ ਇਹ ਵੀ ਦਸਣਾ ਚਾਹੀਦਾ ਹੈ ਕਿ ਤੁਸੀਂ ਕਿਸ ਅਧਿਕਾਰ ਨਾਲ ਇਕ ਗੁਰਸਿੱਖ ਨੂੰ ਗੁਰੂਘਰ ਆ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਤੋਂ ਰੋਕ ਲਗਾਈ ਹੈ ਕਿ ਇਹ ਇਕ ਗੁਰਸਿੱਖ ਨੂੰ ਗੁਰੂ ਤੋਂ ਤੋੜਨ ਦੀ ਕੋਝੀ ਹਰਕਤ ਅਤੇ ਤਾਨਾਸ਼ਾਹੀ ਨਹੀਂ ਹੈ ਜੋ ਕਿ ਸਿੱਖ ਪੰਥ ਕਦੇ ਪ੍ਰਵਾਨ ਨਹੀਂ ਕਰ ਸਕਦਾ ਹੈ।
ਜ਼ੇਕਰ ਕਿਸੇ ਨੇ ਕੌਈ ਗਲਤ ਹਰਕਤ ਕੀਤੀ ਹੈ ਤਾਂ ਤੁਸੀਂ ਓਸ ਨੂੰ ਸਮੂਹ ਮੈਂਬਰਾਂ ਦੀ ਮੀਟਿੰਗ ਸੱਦ ਕੇ ਓਸ ਨੂੰ ਜੁਆਬਦੇਹ ਬਣਾ ਕੇ ਫੇਰ ਸਰਵਸੰਮਤੀ ਨਾਲ ਕਾਰਵਾਈ ਕਰਦੇ ਪਰ ਇਕ ਪਾਸੜ ਕਾਰਵਾਈ ਕਰਦਿਆਂ ਤੁਸੀਂ ਆਪਣੇ ਓਹਦੇ ਦੀ ਦੁਰਵਰਤੋਂ ਕੀਤੀ ਹੈ। ਕਮੇਟੀ ਦੇ ਵਾਇਸ ਪ੍ਰਧਾਨ ਭਾਈ ਗੁਰਮੀਤ ਸਿੰਘ ਗਿੱਲ, ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਸਹਾਇਕ ਸਕੱਤਰ ਮਹਿਤਾਬ ਸਿੰਘ ਗਿੱਲ, ਰਿਕਾਰਡਿੰਗ ਸਕੱਤਰ ਭਾਈ ਨਰਿੰਦਰ ਸਿੰਘ ਰੰਧਾਵਾ, ਮੈਂਬਰ ਭਾਈ ਅਵਤਾਰ ਸਿੰਘ ਖਹਿਰਾ, ਭਾਈ ਅਮਰਜੀਤ ਸਿੰਘ, ਸਹਾਇਕ ਖਜ਼ਾਨਚੀ ਭੈਣ ਪਰਮਿੰਦਰ ਕੌਰ ਅਤੇ ਗੁਰੂ ਘਰ ਵਿੱਚ ਨਿਤਾਪ੍ਰਤੀ ਸੇਵਾ ਕਰਨ ਵਾਲਿਆਂ ਸੰਗਤਾਂ ਵੱਲੋਂ ਇਸ ਗੱਲ ਦਾ ਪੂਰਨ ਤੌਰ ਤੇ ਵਿਰੋਧ ਕਰਦਿਆਂ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ।