(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬੀਤੇ ਦਿਨੀਂ ਅਮਿਤ ਸ਼ਾਹ ਵਲੋਂ ਦਿੱਤੇ ਗਏ ਬਿਆਨ ‘ਤੇ ਸਿੱਖ ਭਾਈਚਾਰੇ ਵਿੱਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਕਈ ਸਿੱਖ ਆਗੂਆਂ ਨੇ ਵੀ ਇਸ ਬਿਆਨ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਕਿਸੇ ਵੀ ਕੌਮ ਨੂੰ ਨਿਸ਼ਾਨਾ ਬਣਾਉਣ ਦੇ ਬਰਾਬਰ ਹਨ। ਜਿਕਰਯੋਗ ਹੈ ਬੀਤੇ ਦਿਨੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਵਿੱਚ ਕਈ ਲੋਕ ਭਿੰਡਰਾਂਵਾਲਾ ਬਣਨਾ ਚਾਹੁੰਦੇ ਹਨ, ਪਰ ਹੁਣ ਉਹ ਅਸਾਮ ਦੀ ਜੇਲ ਵਿੱਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ।
ਮੰਨਿਆ ਜਾ ਰਿਹਾ ਹੈ ਕਿ ਸ਼ਾਹ ਨੇ ਇਹ ਬਿਆਨ ਵਿਰੋਧੀ ਧਿਰ ਦੇ ਆਗੂ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਾਰੇ ਦਿੱਤਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕੈਨੇਡਾ ਵਿਚ ਵਿਚਰ ਰਹੇ ਸਮਾਜਸੇਵੀ ਮਨਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਰੋਜ਼ੀ ਨੇ ਕਿਹਾ ਕਿ ਦੁਨੀਆਂ ਦਾ ਹਰ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਂਦਾ ਹੈ ਕਿਉਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਮਨੁੱਖੀ ਜੀਵਨ ਜਾਚ ਹੈ ਅਤੇ ਗੌਰ ਕਰਣ ਵਾਲੀ ਗੱਲ ਇਹ ਹੈ ਕਿ ਅਮਿਤ ਸ਼ਾਹ ਵੀਂ ਕਈ ਵਾਰੀ ਗੁਰੂਘਰਾਂ ਵਿਚ ਜਾ ਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਆ ਚੁਕਿਆ ਹੈ।
ਉਨ੍ਹਾਂ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਬਹੁਤ ਦੁਖਦਾਈ ਹੈ ਤੇ ਸਾਡੇ ਸਮੂਹ ਧਾਰਮਿਕ ਰਾਜਸੀ ਨੇਤਾਵਾਂ ਨੂੰ ਇਸ ਦਾ ਵਿਰੋਧ ਕਰਣਾ ਚਾਹੀਦਾ ਹੈ । ਅਮਿਤ ਸ਼ਾਹ ਨੂੰ ਇਸ ਬਿਆਨਬਾਜ਼ੀ ਬਾਰੇ ਸਿੱਖ ਪੰਥ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।