(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਕੈਨੇਡੀਅਨ ਸਿੱਖਾਂ ਨੇ ਸਰੀ ਵੈਂਕੁਵਰ ਅਤੇ ਓਟਵਾ ਵਿਖ਼ੇ ਭਾਰਤ ਅਤੇ ਰੂਸ ਦੇ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਭਾਰੀ ਗਿਣਤੀ ‘ਚ ਇੱਕਠੇ ਹੋਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤੇ ਹਨ। ਓਟਵਾ ਦੇ ਵਿਰੋਧ ਪ੍ਰਦਰਸ਼ਨ ਵਿਚ ਮੌਂਟਰੀਆਲ, ਟੋਰਾਂਟੋ ਅਤੇ ਓਟਵਾ ਦੀ ਸੰਗਤਾਂ ਨੇ ਹਜਾਰਾਂ ਦੀ ਤਾਦਾਦ ਅੰਦਰ ਖਾਲਿਸਤਾਨੀ ਝੰਡਿਆਂ ਦੇ ਨਾਲ ਇਸ ਰੋਸ ਪ੍ਰਦਰਸ਼ਨ ਵਿਚ ਹਿੱਸਾ ਲੈ ਕੇ ਭਾਈ ਨਿਝਰ ਦੇ ਹੱਕ ਵਿਚ ਭਾਰਤ ਅਤੇ ਰੂਸ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਐੱਬੇਸੀਆਂ ਨੂੰ ਬੰਦ ਕਰਣ ਦੀ ਮੰਗ ਦੇ ਨਾਲ ਭਾਰਤੀ ਮੰਤਰੀ ਰਾਜਨਾਥ ਵਿਰੁੱਧ ਨਾਹਰੇ ਲਗਾਏ ਸਨ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ ਸੀ।

ਜਿਕਰਯੋਗ ਹੈ ਕਿ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿਝਰ ਦਾ ਸਰੀ ਡੇਲਟਾ ਵਿਖ਼ੇ ਗੁਰਦੁਆਰਾ ਸਾਹਿਬ ਦੇ ਬਾਹਰ ਜਦੋ ਓਹ ਆਪਣੀ ਗੱਡੀ ਅੰਦਰ ਬੈਠੇ ਸਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਓਸ ਤੋ ਬਾਅਦ ਹਰ ਮਹੀਨੇ ਦੀ 18 ਤਰੀਕ ਨੂੰ ਕੈਨੇਡੀਅਨ ਸਿੱਖ ਕੈਨੇਡਾ ਅੰਦਰ ਭਾਰਤ ਦੀਆਂ ਵੱਖ ਵੱਖ ਐੱਬੇਸੀਆਂ ਮੂਹਰੇ ਭਾਈ ਨਿਝਰ ਦੇ ਕਤਲ ਦੇ ਹਮਲਾਵਰਾਂ ਅਤੇ ਉਨ੍ਹਾਂ ਨਾਲ ਸ਼ਾਮਿਲ ਭਾਰਤੀ ਰਾਜਦੁਤਾਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹਨ।

ਮੁਜਾਹਿਰੇ ਵਿਚ ਹਾਜਿਰ ਸਿੱਖਾਂ ਨੇ ਮੰਗ ਕੀਤੀ ਕਿ ਕੈਨੇਡਾ ਨੂੰ ਭਾਰਤ ‘ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਨਿਰਦੋਸ਼ ਲੋਕਾਂ ਦੀ ਹੱਤਿਆ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਜੇਕਰ ਭਾਰਤੀ ਰਾਜਦੁਤਾਂ ਉਪਰ ਲਗ ਰਹੇ ਇਲਜ਼ਾਮ ਸੱਚ ਸਾਬਤ ਹੁੰਦੇ ਹਨ, ਤਾਂ ਇਹ ਨਿਯਮਾਂ-ਅਧਾਰਤ ਅੰਤਰਰਾਸ਼ਟਰੀ ਵਿਵਸਥਾ ਦੀ ਸੰਭਾਵੀ ਤੌਰ ‘ਤੇ ਬਹੁਤ ਗੰਭੀਰ ਉਲੰਘਣਾ ਹੈ ਜਿਸ ਲਈ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਨਿਆਂ ਵਿਭਾਗਾਂ ਨੂੰ ਮਾਮਲੇ ਤੇ ਬਾਜ਼ ਨਜ਼ਰ ਰੱਖਣ ਦੀ ਲੋੜ ਹੈ।

ਧਿਆਣਦੇਣ ਯੋਗ ਹੈ ਕਿ ਕੈਨੇਡਾ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜਿਸਨੇ ਭਾਰਤੀ ਅਧਿਕਾਰੀਆਂ ‘ਤੇ ਵਿਦੇਸ਼ੀ ਧਰਤੀ ‘ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਅਮਰੀਕੀ ਨਿਆਂ ਵਿਭਾਗ ਨੇ ਅਕਤੂਬਰ ਦੇ ਅੱਧ ਵਿੱਚ ਨਿਊਯਾਰਕ ਸਿਟੀ ਵਿੱਚ ਰਹਿਣ ਵਾਲੇ ਇੱਕ ਸਿੱਖ ਨੇਤਾ ਗੁਰਪਤਵੰਤ ਸਿੰਘ ਪਨੂੰ ਨੂੰ ਮਾਰਨ ਦੀ ਕਥਿਤ ਤੌਰ ‘ਤੇ ਨਾਕਾਮ ਸਾਜ਼ਿਸ਼ ਦੇ ਸਬੰਧ ਵਿੱਚ ਇੱਕ ਭਾਰਤੀ ਸਰਕਾਰੀ ਕਰਮਚਾਰੀ ਵਿਰੁੱਧ ਅਪਰਾਧਿਕ ਦੋਸ਼ਾਂ ਦਾ ਐਲਾਨ ਕੀਤਾ ਸੀ।

ਮੁਜਾਹਿਰੇ ਅੰਦਰ ਸਰੀ ਵੈਂਕੁਵਰ ਵਿਖ਼ੇ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਅਜੈਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਖਾਲਸਾ ਅਤੇ ਓਟਵਾ ਵਿਖ਼ੇ ਭਾਈ ਸੰਤੋਖ ਸਿੰਘ ਖੇਲਾ, ਭਾਈ ਇੰਦਰਜੀਤ ਸਿੰਘ ਗੋਸਲ, ਭਾਈ ਬਲਿਹਾਰ ਸਿੰਘ, ਭਾਈ ਗੁਪੇਸ਼ ਸਿੰਘ, ਭਾਈ ਬਲਕਰਨਪ੍ਰੀਤ ਸਿੰਘ, ਭਾਈ ਜਸਵਿੰਦਰ ਸਿੰਘ, ਬੀਬੀ ਮਨਪ੍ਰੀਤ ਕੌਰ, ਬੀਬੀ ਕਰਨਜੀਤ ਕੌਰ, ਗੁਰਫ਼ਤਹਿ ਸਿੰਘ ਅਤੇ ਚਰਨਜੀਤ ਸਿੰਘ ਸੁਜੋ ਸਮੇਤ ਹਜਾਰਾਂ ਦੀ ਗਿਣਤੀ ਅੰਦਰ ਸੰਗਤਾਂ ਮੌਜੂਦ ਸਨ । ਮੁਜਾਹਿਰੇ ਵਿਚ ਹਾਜਿਰ ਵੱਖ ਵੱਖ ਸਿੱਖ ਨੇਤਾਵਾਂ ਨੇ ਅਮਰੀਕਾ ਦੀ ਸੰਗਤਾਂ ਨੂੰ ਐਲ ਏ ਵਿਖ਼ੇ 23 ਮਾਰਚ ਨੂੰ ਭਾਰੀ ਗਿਣਤੀ ਵਿਚ ਪਹੁੰਚ ਕੇ ਵੋਟਾਂ ਅੰਦਰ ਹਿੱਸਾ ਲੈਣ ਦੀ ਅਪੀਲ ਕੀਤੀ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version