ਸਿੱਖ ਲਈ ਦੁਨਿਆਵੀ ਅਹੁਦੇ, ਸੱਤਾ ਅਤੇ ਰਾਜਨੀਤੀ ਤੋਂ ਉੱਪਰ ਗੁਰੂ ਦਾ ਹੁਕਮ ਅਤੇ ਪੰਥ ਦੀ ਮਰਿਆਦਾ

ਮਨਪ੍ਰੀਤ ਸਿੰਘ ਖਾਲਸਾ.

ਟੀਮ ਸ਼ਹੀਦ ਨਿੱਝਰ ਨੇ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਏ ਘਟਨਾਕ੍ਰਮ ਨੂੰ ਸਿੱਖ ਇਤਿਹਾਸ ਦਾ ਮਹੱਤਵਪੂਰਨ ਪਲ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਵਿਧਾਇਕਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਨਿਮਰਤਾ ਨਾਲ ਪੇਸ਼ ਹੋਣਾ ਇਸ ਸੱਚਾਈ ਨੂੰ ਦੁਬਾਰਾ ਸਾਬਤ ਕਰਦਾ ਹੈ ਕਿ ਇੱਕ ਸਿੱਖ ਲਈ ਦੁਨਿਆਵੀ ਅਹੁਦੇ, ਸੱਤਾ ਅਤੇ ਰਾਜਨੀਤੀ ਤੋਂ ਉੱਪਰ ਗੁਰੂ ਦਾ ਹੁਕਮ ਅਤੇ ਪੰਥ ਦੀ ਮਰਿਆਦਾ ਹੈ। ਟੀਮ ਸ਼ਹੀਦ ਨਿੱਝਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ, ਜਿਸ ਦੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ, ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ। ਜਦੋਂ ਵੀ ਕੌਮ ਉੱਤੇ ਕੋਈ ਸੰਕਟ ਆਇਆ, ਇਸ ਪਵਿੱਤਰ ਤਖਤ ਨੇ ਪੰਥ ਨੂੰ ਨਿਆਂ, ਏਕਤਾ ਅਤੇ ਗੁਰੂ-ਕੇਂਦਰਿਤ ਸੇਧ ਦਿੱਤੀ ਹੈ।

ਟੀਮ ਸ਼ਹੀਦ ਨਿੱਝਰ ਨੇ 2020 ਵਿੱਚ ਕੈਨੇਡਾ ਦੇ ਸਰੀ ਸ਼ਹਿਰ ਦੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਅਣਅਧਿਕਾਰਤ ਛਪਾਈ ਦਾ ਮਾਮਲਾ ਸਾਹਮਣੇ ਆਇਆ ਸੀ, ਤਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਅਤੇ ਸਹਿਯੋਗ ਨਾਲ ਇਸ ਕਾਰਵਾਈ ਨੂੰ ਰੁਕਵਾਇਆ। ਇਸ ਨਾਲ ਗੁਰੂ ਸਾਹਿਬ ਦੇ ਸਤਿਕਾਰ ਅਤੇ ਪੰਥਕ ਮਰਿਆਦਾ ਦੀ ਰੱਖਿਆ ਲਈ ਸਪੱਸ਼ਟ ਸੰਦੇਸ਼ ਗਿਆ। ਟੀਮ ਸ਼ਹੀਦ ਨਿੱਝਰ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਮਹਾਨਤਾ ਸਿਰਫ਼ ਇਤਿਹਾਸਕ ਨਹੀਂ, ਸਗੋਂ ਆਤਮਿਕ, ਨੈਤਿਕ ਅਤੇ ਪੰਥਕ ਅਗਵਾਈ ਦੇ ਰੂਪ ਵਿੱਚ ਵੀ ਅਦੁੱਤੀ ਹੈ। ਇਹ ਉਹ ਸਰਵਉੱਚ ਅਸਥਾਨ ਹੈ, ਜਿੱਥੇ ਹਰ ਫ਼ੈਸਲਾ ਨਿੱਜੀ ਲਾਭ ਜਾਂ ਸਿਆਸੀ ਸਵਾਰਥ ਨਹੀਂ, ਸਗੋਂ ਗੁਰੂ ਦੇ ਸਿਧਾਂਤਾਂ ਅਤੇ ਪੰਥ ਦੀ ਭਲਾਈ ਨੂੰ ਕੇਂਦਰ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਅੰਤ ਵਿੱਚ ਟੀਮ ਸ਼ਹੀਦ ਨਿੱਝਰ, ਵੈਨਕੂਵਰ (ਕੈਨੇਡਾ) ਨੇ ਕਿਹਾ ਕਿ ਸਿੱਖ ਕੌਮ ਨੂੰ ਆਪਣੀਆਂ ਸਰਵਉੱਚ ਪੰਥਕ ਸੰਸਥਾਵਾਂ ਦੀ ਮਰਿਆਦਾ, ਸੁਤੰਤਰਤਾ ਅਤੇ ਅਧਿਕਾਰਾਂ ਦੀ ਰੱਖਿਆ ਲਈ ਇਕਜੁੱਟ ਰਹਿਣਾ ਚਾਹੀਦਾ ਹੈ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸ਼ਾਨ, ਨਿਆਂ ਅਤੇ ਗੁਰੂ-ਬਖ਼ਸ਼ੀ ਸਰਵਉੱਚਤਾ ਦਾ ਸਦੀਵੀ ਪ੍ਰਤੀਕ ਹੈ।

ਇਸ ਮੌਕੇ ਬੀਸੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਟੀਮ ਸ਼ਹੀਦ ਨਿੱਜਰ ਤੋਂ ਭਾਈ ਹਰਜੀਤ ਸਿੰਘ ਪੱਪੂ, ਭਾਈ ਸੁਖਬੀਰ ਸਿੰਘ ਲਿੱਦੜ, ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਜਸਕੀਰਤ ਸਿੰਘ ਸਿੱਧੂ, ਭਾਈ ਇੰਦਰਜੀਤ ਸਿੰਘ ਬੈਂਸ, ਭਾਈ ਦਲਜੀਤ ਸਿੰਘ, ਭਾਈ ਅਜੈਪਾਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਪਵਨਦੀਪ ਸਿੰਘ, ਭਾਈ ਚਰਨਜੀਤ ਸਿੰਘ ਮੌਜੂਦ ਸਨ।

Share.
© 2026 (ਫਤਿਹ ਲਾਈਵ) FatehLive.com. Designed by Forever Infotech.
Exit mobile version