ਕਾਊਂਸਲਿੰਗ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀਆਂ ਸਹੂਲਤਾਂ ਪ੍ਰਦਾਨ ਕਰੇਗਾ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੁਵਾ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ, ਆਈ ਪੀ ਯੂਨੀਵਰਸਿਟੀ ਸਮੇਤ ਹੋਰ ਕਾਲਜਾਂ ਵਿੱਚ ਦਾਖਿਲੇ ਦੇ ਫਾਰਮ ਭਰਨ ਸਬੰਧੀ ਆਉਣ ਵਾਲੀ ਮੁਸ਼ਕਿਲ ਨੂੰ ਦੂਰ ਕਰਨ, ਆਪਣਾ ਕਰੀਅਰ ਚੁਣਨ ਲਈ ਕੀਮਤੀ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਪ੍ਰਾਗਣ ਵਿੱਚ ਕਮੇਟੀ ਦਫਤਰ ਦੇ ਕਾਨਫਰੈਂਸ ਹਾਲ ਵਿੱਚ ਕੈਰੀਅਰ ਕਾਊਂਸਲਿੰਗ ਕੈਂਪ ਸ਼ੁਰੂ ਕੀਤਾ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਕੈਂਪ 31 ਜੁਲਾਈ ਬੁੱਧਵਾਰ ਤੋਂ ਕੰਮ ਕਰਨਾ ਸ਼ੁਰੂ ਕਰੇਗਾ ਜਿਸ ਵਿੱਚ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਆ ਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਾਡੀ ਟੀਮ ਤੋਂ ਸਲਾਹ ਲੈ ਸਕਦੇ ਹਨ। ਪਹਿਲਾਂ ਜਦੋਂ ਦਿੱਲੀ ਯੂਨੀਵਰਸਿਟੀ ਨੇ ਕਾਮਨ ਐਂਟ੍ਰੈਂਸ ਟੈਸਟ (ਸੀਯੂਈਟੀ) ਸ਼ੁਰੂ ਕੀਤਾ ਸੀ ਤਾਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਇਸਦੀ ਜਾਣਕਾਰੀ ਨਹੀਂ ਸੀ ਅਤੇ ਵਿਦਿਆਰਥੀ ਦਾਖਲੇ ਤੋਂ ਵਾਂਝੇ ਰਹਿ ਗਏ ਸਨ।
ਇਸ ਕੈਰੀਅਰ ਕਾਊਂਸਲਿੰਗ ਕੈਂਪ ਵਿੱਚ ਗੁਰੂ ਤੇਗ ਬਹਾਦਰ ਕਾਲਜ ਨਾਰਥ ਕੈਂਪਸ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਮਾਤਾ ਸੁੰਦਰ ਕਾਲਜ, ਗੁਰੂ ਤੇਗ ਬਹਾਦਰ ਇੰਜੀਨੀਅਰਿੰਗ ਕਾਲਜ ਰਾਜੌਰੀ ਗਾਰਡਨ, 4 ਸੈਨੇਟਰੀ ਇੰਜੀਨੀਅਰਿੰਗ ਕਾਲਜ ਸਮੇਤ ਹੋਰ ਕਾਲਜਾਂ ਤੋਂ ਲੋੜੀਂਦਾ ਸਟਾਫ ਤਾਇਨਾਤ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਹ ਕੈਂਪ ਉਹਨਾਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਦਿਸ਼ਾ ਪ੍ਰਦਾਨ ਕਰੇਗਾ ਜੋ ਇਸ ਦੂਵਿਧਾ ਵਿੱਚ ਹਨ ਕਿ 12ਵੀਂ ਦੀ ਪ੍ਰੀਖਿਆ ਤੋਂ ਬਾਅਦ ਕਿਹੜੇ ਕਾਲਜ ਵਿੱਚ ਦਾਖਲਾ ਲੈਣਾ ਹੈ, ਕਿਹੜਾ ਕੋਰਸ ਕਰਨਾ ਹੈ ਅਤੇ ਕਿਹੜਾ ਕਰੀਅਰ ਚੁਣਨਾ ਹੈ। ਇਸ ਸੈੱਲ ਵਿੱਚ ਮੈਡਿਕਲ, ਨਾਨ-ਮੈਡਿਕਲ, ਕਾਮਰਸ ਅਤੇ ਆਰਟਸ ਸਮੇਤ ਸਾਰੀਆਂ ਸਟ੍ਰੀਮਾਂ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਨ ਦੀ ਵਿਵਸਥਾ ਕੀਤੀ ਗਈ ਹੈ। ਸਾਰੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਜਾਵੇਗਾ, ਇੱਥੋਂ ਤਕ ਕਿ ਉਹਨਾਂ ਵਿਦਿਆਰਥੀਆਂ ਦਾ ਵੀ ਜੋ ਘੱਟ ਅੰਕਾਂ ਕਾਰਨ ਪੜਾਈ ਛੱਡਣ ਦੀ ਸੋਚਦੇ ਹਨ। ਸਿੱਖ ਕੌਮ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਵੇਖਦੇ ਹੋਏ ਇਸ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਉਹਨਾਂ ਇਸ ਸੈੱਲ ਦਾ ਵੱਧ ਤੋਂ ਵੱਧ ਲਾਭ ਚੁਕਣ ਦੀ ਅਪੀਲ ਕੀਤੀ।