(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)


ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਫੈਸਲੇ ਸੁਣਾਏ ਗਏ ਸਨ । ਇਹ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਸਿਰ ਝੁਕਾ ਕੇ ਮਨਜ਼ੂਰ ਕੀਤੇ ਗਏ ਤੇ ਉਹਨਾਂ ‘ਤੇ ਅਮਲ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਉਸ ਵੇਲੇ ਜੋ ਇਕ ਕਮੇਟੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਸੀ । ਉਹ ਕਮੇਟੀ ਹੁਣ ਸੁਤੰਤਰ ਰੂਪ ਵਿੱਚ ਆਪਣਾ ਕੰਮ ਕਰ ਰਹੀ ਹੈ। ਪਰ ਕੁਝ ਲੋਕ ਇਹ ਭਰਮ ਫੈਲਾਅ ਰਹੇ ਹਨ ਕਿ ਹਰ ਸਿੱਖ ਦਾ ਇਸ ਕਮੇਟੀ ਵੱਲੋਂ ਚਲਾਈ ਜਾ ਰਹੀ ਭਰਤੀ ਦਾ ਮੈੰਬਰ ਬਣਨਾ ਜ਼ਰੂਰੀ ਹੈ।
ਇਹ ਗੱਲ ਸਰਾਸਰ ਗਲਤ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਹਰੀ ਹੈ । ਕਿਉਂਕਿ ਜਦੋਂ ਇਹ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਸਿੰਘ ਸਾਹਿਬ ਵੱਲੋਂ ਬਣਾਈ ਗਈ ਸੀ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਗੀ ਧੜੇ ਤੋਂ ਬਿਨਾ ਹੋਰ ਵੀ ਕਈ ਅਕਾਲੀ ਦਲ ਕੰਮ ਕਰ ਰਹੇ ਸਨ। ਪਰ ਗਿਆਨੀ ਰਘਬੀਰ ਸਿੰਘ ਵੱਲੋਂ ਕਿਸੇ ਨੂੰ ਵੀ ਆਪਣਾ ਦਲ ਭੰਗ ਕਰਨ ਲਈ ਨਹੀਂ ਕਿਹਾ ਗਿਆ ਤੇ ਇਹਨਾਂ ਤੋਂ ਬਿਨਾ ਵੀ ਹਰ ਪਾਰਟੀ ਵਿੱਚ ਸਿੱਖ ਸਰਗਰਮ ਹਨ। ਇਸ ਲਈ ਅਕਾਲ ਤਖ਼ਤ ਵੱਲੋਂ ਕਿਸੇ ਵੀ ਸਿੱਖ ਨੂੰ ਇਹ ਹੁਕਮ ਜਾਰੀ ਨਹੀ ਕੀਤਾ ਗਿਆ ਕਿ ਉਹ ਆਪੋ ਆਪਣੀ ਪਾਰਟੀ ਛੱਡਕੇ ਇਸ ਕਮੇਟੀ ਵੱਲੋਂ ਚਲਾਈ ਜਾ ਰਹੀ ਭਰਤੀ ਮੁਹਿੰਮ ਦਾ ਹਿੱਸਾ ਬਣਨ । ਇਸ ਲਈ ਇਹ ਹਰ ਸਿੱਖ ਦੀ ਆਪਣੀ ਇੱਛਾ ਹੈ ਕਿ ਉਹ ਕਿਸ ਪਾਰਟੀ ਵਿੱਚ ਰਹਿ ਕੇ ਸਿਆਸਤ ਕਰਨੀ ਚਾਹੁੰਦਾ ਹੈ ਉਹ ਕਰ ਸਕਦਾ ਹੈ।
ਉਸ ਕਮੇਟੀ ਨੇ ਜੇਕਰ ਆਪਣੀ ਮੈੰਬਰਸ਼ਿਪ ਮੁਹਿੰਮ ਚਲਾਉਣੀ ਹੈ ਤਾਂ ਉਹ ਜੀ ਸਦਕੇ ਚਲਾ ਸਕਦੇ ਹਨ । ਪਰ ਸਾਨੂੰ ਪਤਾ ਲੱਗਿਆ ਹੈ ਕਿ ਕੁਝ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਮ ਲੈ ਕੇ ਭਾਵੁਕ ਕਰ ਰਹੇ ਹਨ ਅਜਿਹਾ ਕਰਕੇ ਉਹ ਆਮ ਸਿੱਖ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੋਵਾਂ ਨੂੰ ਹੀ ਧੋਖਾ ਦੇ ਰਹੇ ਹਨ । ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਨਾ ਹਰ ਸਿੱਖ ਦੀ ਨਿੱਜੀ ਇੱਛਾ ਹੈ ਇਸ ਲਈ ਕਿਸੇ ਵੀ ਤਰ੍ਹਾਂ ਕਿਸੇ ਨੂੰ ਮਜਬੂਰ ਨਹੀ ਕੀਤਾ ਜਾ ਸਕਦਾ ਤੇ ਨਾ ਹੀ ਅਜਿਹਾ ਕੋਈ ਨਿਰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਇਆ ਹੈ। ਇੱਥੇ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਕਮੇਟੀ ਏਕਤਾ ਕਰਨ ਲਈ ਬਣਾਈ ਗਈ ਸੀ ਨਾ ਕਿ ਨਵੀਂ ਧੜੇਬੰਦੀ ਪੈਦਾ ਕਰਨ ਲਈ ਤੇ ਸ. ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਤੇ ਅਕਾਲੀ ਦਲ ਵੱਲੋਂ ਨਵੀਂ ਭਰਤੀ ਆਰੰਭ ਕਰਨ ਦਾ ਸੁਆਗਤ ਖੁਦ ਗਿਆਨੀ ਰਘਬੀਰ ਸਿੰਘ ਹੋਰਾਂ ਵੱਲੋਂ ਵਿਦੇਸ਼ ਜਾਣ ਤੋਂ ਪਹਿਲਾਂ ਕੀਤਾ ਗਿਆ ਸੀ । ਇਸ ਲਈ ਇਸ ਕਮੇਟੀ ਨੂੰ ਪੰਥਕ ਹਿੱਤ ਤਿਆਗ ਕੇ , ਨਿੱਜੀ ਹਿੱਤਾਂ ਲਈ ਗੁੰਮਰਾਹਕੁੰਨ ਪ੍ਰਚਾਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।