(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਏਕਤਾ ਦੇ ਸੂਤਰ ਵਿੱਚ ਪ੍ਰੋਣ ਲਈ ਬਹੁਤ ਲੰਮੀ ਵਿਚਾਰ ਚਰਚਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਤਿਆਰ ਕੀਤੀ ਗਈ ਸੀ ਤਾਂ ਕਿ ਸਮੁੱਚੀ ਕੌਮ ਨੂੰ ਸਾਂਝੀ ਅਗਵਾਈ, ਸਾਂਝੇ ਨਿਸ਼ਾਨ ਤੇ ਸਾਂਝੀ ਮਰਿਯਾਦਾ ਰਾਹੀ ਇਕ ਰੱਖਿਆ ਜਾ ਸਕੇ।
ਪਰ ਜਿਸ ਤਰ੍ਹਾਂ ਕੱਲ੍ਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਲੋਕ ਦਿੱਲੀ ਵਿੱਚ ਉਸ ਬੰਦੇ ਵੱਲੋਂ ਅਰਦਾਸ ਨਾਲ ਛੇੜ ਛਾੜ ਕੀਤੀ ਗਈ ਜਿਸ ਤੋਂ ਕਦੇ ਇਹ ਆਸ ਨਹੀਂ ਸੀ ਕੀਤੀ ਜਾ ਸਕਦੀ ਕਿ ਉਹ ਆਪਣੀ ਨਿੱਜੀ ਮੱਤ ਮੁਤਾਬਿਕ ਪੰਥ ਪਰਵਾਨਿਤ ਅਰਦਾਸ ਨੂੰ ਬਦਲੇਗਾ। ਇਹ ਬਹੁਤ ਨਿੰਦਣਯੋਗ ਹੈ। ਗੁਰਬਾਣੀ ਦਾ ਕੀਰਤਨ , ਕਥਾ ਤੇ ਹੋਰ ਸਭ ਪ੍ਰਚਾਰ ਦੇ ਸਾਧਨ ਕੌਮ ਨੂੰ ਇਕ ਰੱਖਦੇ ਹੋਏ ਚੜਦੀ ਕਲਾ ਵੱਲ ਲੈ ਕੇ ਜਾਣ ਲਈ ਹਨ। ਪਰ ਜੇਕਰ ਅਸੀ ਇਸਦੀ ਬਜਾਏ ਤੋੜਨ ਵੱਲ ਤੁਰ ਪਈਏ ਤਾਂ ਇਸਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਸਿੱਖ ਰਹਿਤ ਮਰਿਯਾਦਾ ਸਿੱਖੀ ਦੇ ਮੂਲ ਅਧਾਰਾਂ ਵਿੱਚੋਂ ਹੈ ਤੇ ਅਰਦਾਸ ਗੁਰੂ ਨਾਲ ਜੁੜਨ ਦੀ ਤੰਦ ਹੈ।
ਅਰਦਾਸ ਨਾਲ ਛੇੜ ਛਾੜ ਸਿੱਖ ਨੂੰ ਗੁਰੂ ਨਾਲੋਂ ਤੋੜਨ ਦਾ ਯਤਨ ਹੈ। ਇਸ ਲਈ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਐਕਸ਼ਨ ਲੈਂਦੇ ਹੋਏ ਪ੍ਰਬੰਧਕਾਂ ਤੇ ਸੰਬੰਧਿਤ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਪੰਥ ਦੀ ਰਵਾਇਤ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ।