(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਭਾਰਤੀ ਜਨਤਾ ਪਾਰਟੀ ਦੀ ਮੈੰਬਰ ਪਾਰਲੀਮੈੰਟ ਕੰਗਨਾ ਰਣੌਤ ਦੀ ਵਿਵਾਦਤ ਫ਼ਿਲਮ ‘ਐਂਮਰਜੈਂਸੀ’ ਨੂੰ ਸਿੱਖ ਕੌਮ ਦੇ ਵਿਰੋਧ ਦੇ ਬਾਵਜੂਦ ਕੇੰਦਰ ਸਰਕਾਰ ਵੱਲੋਂ ਜਾਰੀ ਹੋਣ ਦੇਣਾ ਇਹ ਸਾਬਤ ਕਰਦਾ ਹੈ ਕਿ ਭਾਜਪਾ ਨੇ ਸਿੱਖਾਂ ਦੀ ਹਰ ਭਾਵਨਾ ਤੇ ਹਰ ਮੰਗ ਨੂੰ ਦਰਕਿਨਾਰ ਕਰਨ ਦਾ ਪੱਕਾ ਮਨ ਬਣਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸੇ ਕਾਰਨ ਉਹ ਹਰ ਉਹ ਫੈਸਲਾ ਕਰ ਰਹੀ ਹੈ ਜਿਸ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਹੋਵੇ।
ਇਹ ਇੱਕ ਅਜਿਹੀ ਕੌਮ ਜਿਸਨੇ ਨਾ ਸਿਰਫ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਗੋਂ ਦੇਸ਼ ਨੂੰ ਪੈਰਾਂ ਸਿਰ ਕਰਨ ਲਈ ਵੀ ਆਪਣਾ ਸਭ ਤੋਂ ਵੱਡਾ ਯੋਗਦਾਨ ਦਿੱਤਾ। ਉਸ ਨਾਲ ਕੋਝਾ ਮਜ਼ਾਕ ਹੈ ਤੇ ਭਾਜਪਾ ਦੀ ਅਗਵਾਈ ਵਾਲੀ ਕੇੰਦਰ ਸਰਕਾਰ ਨੂੰ ਅਜਿਹਾ ਕਰਨ ਤੇ ਅਜਿਹਾ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ। ਇਸਦੇ ਨਾਲ ਹੀ ਨਾ ਕੇਂਦਰ ਸਰਕਾਰ ਨੇ ਨਾ ਹੀ ਕਿਸੇ ਸਟੇਟ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਿਲਮ ਦੀ ਪ੍ਰਵਾਨਗੀ ਜਾਂ ਉਹਨਾਂ ਵੱਲੋਂ ਪ੍ਰਗਟਾਏ ਜਾ ਰਹੇ ਸ਼ੰਕਿਆਂ ਦੀ ਨਿਵਿਰਤੀ ਨਹੀਂ ਕੀਤੀ। ਇਹ ਸਰਕਾਰ ਦਾ ਸਿੱਧਾ ਹੰਕਾਰ ਹੈ ਤੇ ਸਿੱਖ ਕੌਮ ਇਸ ਤਰ੍ਹਾਂ ਦਾ ਹੰਕਾਰ ਕਦੀ ਬਰਦਾਸ਼ਤ ਨਹੀਂ ਕਰਦੀ।
ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਸ ਫਿਲਮ ਦਾ ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪੰਜਾਬ ਸਿੱਖਾਂ ਦਾ ਘਰ ਹੈ ਤੇ ਆਪ ਵੱਲੋਂ ਸਿੱਖਾਂ ਦੇ ਘਰ ਅੰਦਰ ਸਿੱਖ ਵਿਰੋਧੀ ਫਿਲਮ ਰੀਲੀਜ਼ ਹੋਣ ਦੇਣਾ ਇਹ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਆਪ ਸਰਕਾਰ ਭਾਜਪਾ ਦਾ ਏਜੰਡਾ ਲਾਗੂ ਕਰਨ ਵਾਲੀ ਬੀ ਟੀਮ ਹੀ ਹੈ। ਇਸਤੋਂ ਇਲਾਵਾ ਜੇਕਰ ਕਾਂਗਰਸ ਪਾਰਟੀ ਦੇ ਸ਼ਾਸਤ ਸੂਬਿਆਂ ਵਿੱਚ ਇਹ ਸਿੱਖ ਵਿਰੋਧੀ ਫਿਲਮ ਰੀਲੀਜ਼ ਹੁੰਦੀ ਹੈ ਤਾਂ ਅਸੀ ਸਮਝਾਂਗੇ ਕਿ ਇਸਦੇ ਆਗੂ ਆਲਮੀ ਮੰਚਾਂ ਵਿੱਚ ਸਿੱਖਾਂ ਨਾਲ ਦੇਸ਼ ਅੰਦਰ ਹੋ ਰਹੇ ਧੱਕੇ ਦੀ ਗੱਲ ਕਰਕੇ ਸਿਰਫ ਵਾਹ – ਵਾਹ ਹੀ ਵਟੋਰਨਾ ਚਾਹੁੰਦੇ ਹਨ । ਪਰ ਅਸਲ ਵਿੱਚ ਉਹ ਵੀ ਸਿੱਖਾਂ ਨੂੰ ਇਨਸਾਫ ਦੇਣ ਜਾਂ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣਾ ਜ਼ਰੂਰੀ ਨਹੀ ਸਮਝਦੇ।