(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਓਹ 1962 ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੁੰਦੇ ਆਏ ਪੰਥਕ ਇਕੱਠਾ ਨੂੰ ਦੇਖਦੇ ਆ ਰਹੇ ਹਨ। ਬੀਤੇ ਕੱਲ੍ਹ ਦੇ ਇਕੱਠ ਨੇ ਸਿੱਖ ਕੌਮ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਨੂੰ ਮੁੜ ਤੋਂ ਦੁਨੀਆ ਅੱਗੇ ਉਜਾਗਰ ਕੀਤਾ ਹੈ। ਜਿਸ ਤਰ੍ਹਾਂ ਸੰਗਤ ਵੱਡੀ ਪੱਧਰ ਤੇ ਪਹੁੰਚੀ ਤੇ ਜ਼ਾਬਤੇ ਵਿੱਚ ਰਹੀ ਇਹ ਆਪਣੇ ਆਪ ਵਿੱਚ ਮਿਸਾਲ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸਦੇ ਨਾਲ ਹੀ ਇਹ ਗੱਲ ਵੀ ਸਪੱਸ਼ਟ ਹੋ ਗਈ ਕਿ ਸਿੱਖ ਕੌਮ ਤੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨੁਮਾਇੰਦਾ ਧਿਰ ਸਮਝਦੀ ਹੈ ਤੇ ਏਸੇ ਲਈ ਕੱਲ੍ਹ ਦੇ ਇਕੱਠ ਵਿੱਚ ਸ਼ਾਮਲ ਹੋਈ। ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪਾਰਟੀ ਮੁੜ ਤੋਂ ਤਕੜੀ ਹੋ ਕੇ ਸਾਹਮਣੇ ਆਵੇ।ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਲੱਤ ਵਿੱਚ ਫੈਕਚਰ ਹੋਣ ਦੇ ਬਾਵਜੂਦ ਜਿਸ ਸ਼ਰਧਾ ਤੇ ਨਿਮਰਤਾ ਨਾਲ ਗਲ਼ ਵਿੱਚ ਪੱਲਾ ਪਾ ਕੇ ਹਾਜ਼ਰ ਹੋਏ ਹਨ। ਉਸਨੇ ਉਹਨਾਂ ਦੇ ਅੰਦਰ ਦੀ ਭਾਵਨਾ ਨੂੰ ਜ਼ਾਹਰ ਕੀਤਾ ਹੈ।
ਇਸ ਮੌਕੇ ਸਿੰਘ ਸਾਹਿਬਾਨਾਂ ਨੇ ਕੌਮ ਦੇ ਅੰਦਰ ਪੈਦਾ ਹੋਈ ਦੁਬਿਧਾ ਤੇ ਖ਼ਲਾਅ ਨੂੰ ਭਰਨ ਲਈ ਤੇ ਅਤੀਤ ਵਿੱਚ ਹੋਈਆਂ ਭੁੱਲਾਂ ਤੇ ਗਲਤੀਆਂ ਲਈ ਧਾਰਮਿਕ ਸਜ਼ਾ ਲਗਾਕੇ ਤੇ ਅੱਗੇ ਦੀ ਪੰਥਕ ਰਾਜਨੀਤੀ ਦਾ ਰਾਹ ਵੀ ਖੋਲਿਆ ਹੈ। ਇਸਦੇ ਨਾਲ ਹੀ ਹਰ ਆਮ ਸਿੱਖ ਦਾ ਭਰੋਸਾ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਵਧਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਸਮੁੱਚੇ ਫੈਸਲਿਆ ਅੱਗੇ ਸ਼੍ਰੋਮਣੀ ਅਕਾਲੀ ਦਲ ਸਿਰ ਝੁਕਾਉੰਦਾ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਦਾ ਇਸ ਸੱਚੇ ਤਖ਼ਤ ਨੂੰ ਸਮਰਪਿਤ ਰਿਹਾ ਹੈ ਤੇ ਰਹੇਗਾ। ਅਤੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਸੰਗਤ ਦੀ ਸੇਵਾ ਕਰੇਗਾ।