(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੇ ਸੱਦੇ ਉਤੇ “ਸਿੱਖ-ਨੀਤੀ” ਦੀ ਮੁੜ ਸੁਰਜੀਤੀ ਲਈ ਵਿਸ਼ੇਸ਼ ਵਿਚਾਰ ਗੋਸ਼ਟੀ ਹੋਈ। ਕੀਰਤੀ ਨਗਰ ਦੇ ਇਨਵਾਇਟੀ ਬੈਂਕਟ ਵਿਖੇ ਹੋਈ ਇਸ ਮੀਟਿੰਗ ‘ਚ ਪੰਥਦਰਦੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸੰਗਤਾਂ ਨੇ ਬਾਂਹ ਖੜ੍ਹੀਆਂ ਕਰਕੇ ਪੰਥ ਦੀ ਹੋਂਦ ਅਤੇ ਮੁੱਢਲੀ ਵਿਚਾਰਧਾਰਾ ਨੂੰ ਬਚਾਉਣ ਲਈ ਪੰਥ ਦੋਖੀਆਂ ਦੇ ਖਿਲਾਫ ਜੁਝਣ ਦਾ ਅਹਿਦ ਲਿਆ। ਬੁਲਾਰਿਆਂ ਨੇ ਸਿੱਖ ਫਲਸਫੇ ਨੂੰ ਬਿਪਰ ਦੀ ਹਨ੍ਹੇਰੀ ਤੋਂ ਬਚਾਉਣ ਅਤੇ ਰਿਵਾਇਤੀ ‘ਸਿੱਖ-ਨੀਤੀ’ ਦੀ ਕਾਇਮੀ ਤੇ ਚੇਤੰਨਤਾ ਸੰਬੰਧੀ ਵਿਚਾਰਾਂ ਪੇਸ਼ ਕੀਤੀਆਂ। ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਈਆਂ ਪ੍ਰਮੁਖ ਸਿੱਖ ਸਖਸ਼ੀਅਤਾਂ, ਸਿੰਘ ਸਭਾਵਾਂ ਦੇ ਅਹੁਦੇਦਾਰਾਂ ਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਿਰ ਜੋੜ ਕੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਮੁੱਦਿਆਂ ਦੀ ਸਿਆਸੀ ਪਾਰਟੀਆਂ ਵੱਲੋਂ ਕੀਤੀ ਗਈ ਨਜ਼ਰਅੰਦਾਜੀ਼ ਉਤੇ ਚਿੰਤਾ ਪ੍ਰਗਟਾਈ।
ਬੁਲਾਰਿਆਂ ਨੇ ਚਿਰਾਂ ਤੋਂ ਲਟਕਦੇ ਆ ਰਹੇ ਸਿੱਖ ਮਸਲਿਆਂ, ਸੱਤ ਸੌ ਕਿਸਾਨਾਂ ਦੀ ਸ਼ਹਾਦਤ, ਬੰਦੀ ਸਿੰਘਾਂ ਦੀ ਰਿਹਾਈ, ਗੁਰਦੁਆਰਾ ਹਰਿ ਕੀ ਪੌੜੀ ਹਰਿਦੁਆਰ ਸਾਹਿਬ, ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਸਿੱਕਕਮ , ਗੁਰਦੁਆਰਾ ਸਾਹਿਬ ਜਗਨਨਾਥ ਪੁਰੀ, ਸ੍ਰੀ ਹਜ਼ੂਰ ਸਾਹਿਬ ਬੋਰਡ , ਹਰਿਆਣਾ ਤੇ ਦਿੱਲੀ ਕਮੇਟੀ ਸਮੇਤ ਹੋਰਨਾਂ ਅਸਥਾਨਾਂ ਤੇ ਸਿੱਖ ਸੰਸਥਾਵਾਂ ਵਿੱਚ ਭਾਜਪਾ ਦੇ ਕਬਜ਼ੇ ਤੇ ਦਖਲ ਖ਼ਿਲਾਫ਼ ਇਕਜੁਟ ਹੋਕੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦਾ ਬਾਈਕਾਟ ਕਰਨ ਦਾ ਫੈਸਲਾ ਕਰਦਿਆਂ ਸਮੂਹ ਸਿੱਖਾਂ ਨੂੰ ਮਨਜਿੰਦਰ ਸਿੰਘ ਸਿਰਸਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਪਰਮਜੀਤ ਸਿੰਘ ਸਰਨਾ ਨੇ ਸਿਰਸਾ ਦੀ ਕੁੱਝ ਸਾਲਾਂ ‘ਚ ਅਚਾਨਕ ਵੱਧੀ ਦੌਲਤ ਦਾ ਜ਼ਿਕਰ ਕਰਦਿਆਂ ਸਿਰਸਾ ਉਤੇ ਭ੍ਰਿਸ਼ਟਾਚਾਰ ਤੇ ਸਿੱਖ ਕੌਮ ਨਾਲ ਗੱਦਾਰੀ ਕਰਨ ਦੇ ਆਰੋਪ ਲਗਾਏ।
ਜਦਕਿ ਮਨਜੀਤ ਸਿੰਘ ਜੀਕੇ ਨੇ ਸਿਰਸਾ ਦੇ ਨਾਲ ਦਿੱਲੀ ਕਮੇਟੀ ਆਗੂਆਂ ਵੱਲੋਂ ਕੌਮੀ ਮੁੱਦਿਆਂ ਉਤੇ ਧਾਰਨ ਕੀਤੀ ਚੁੱਪੀ ਦੀ ਵਿਆਖਿਆ ਨਿੱਜੀ ਮੁਫਾਦਾਂ ਲਈ ਸਰਕਾਰਾਂ ਦੀ ਚਾਪਲੂਸੀ ਕਰਨ ਵਜੋਂ ਕੀਤੀ। ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨੇ ਬੰਦੀ ਸਿੰਘਾਂ ਦੇ ਮਾਮਲੇ ਉਤੇ ਕੇਂਦਰ ਸਰਕਾਰ ਦੀ ਵਿਤਕਰੇ ਭਰੀ ਨੀਤੀਆਂ ਦਾ ਹਵਾਲਾ ਦਿੱਤਾ। ਇਸ ਦੇ ਨਾਲ ਹੀ ਦਿੱਲੀ ਕਮੇਟੀ ਮੈਂਬਰ ਜਤਿੰਦਰ ਸਿੰਘ ਸੋਨੂੰ, ਮਹਿੰਦਰ ਸਿੰਘ, ਅਕਾਲੀ ਆਗੂ ਬੀਬੀ ਮਨਦੀਪ ਕੌਰ ਬਖਸ਼ੀ, ਜਗਜੀਤ ਸਿੰਘ ਮੁੱਦੜ, ਇੰਦਰਜੀਤ ਸਿੰਘ ਸੰਤਗੜ੍ਹ, ਰਵਿੰਦਰ ਸਿੰਘ ਬਿੱਟੂ ਸਣੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾੜੂ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕਰਤਾਰ ਸਿੰਘ ਚਾਵਲਾ, ਤਜਿੰਦਰ ਸਿੰਘ ਗੋਪਾ ਸਾਬਕਾ ਦਿੱਲੀ ਕਮੇਟੀ ਮੈਂਬਰ ਸਤਪਾਲ ਸਿੰਘ, ਮਹਿੰਦਰ ਸਿੰਘ ਭੁੱਲਰ, ਹਰਜਿੰਦਰ ਸਿੰਘ, ਮੰਗਲ ਸਿੰਘ ਦੇ ਨਾਲ ਹੀ ਰਮਨਦੀਪ ਸਿੰਘ ਸੋਨੂੰ , ਸੁਖਦੇਵ ਸਿੰਘ ਰਿਆਤ, ਜਸਮੀਤ ਸਿੰਘ ਪੀਤਮਪੁਰਾ , ਗੁਰਮੀਤ ਸਿੰਘ ਫਿਲੀਪੀਨਜ਼ , ਐਚ.ਪੀ ਸਿੰਘ ਆਦਿਕ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਨਿਭਾਈ।