(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਦਿੱਲੀ ਫਤਿਹ ਦਿਵਸ ਇਤਿਹਾਸਕ ਲਾਲ ਕਿਲ੍ਹੇ ’ਤੇ ਮਨਾਇਆ ਗਿਆ। ਇਸ ਸਮਾਗਮ ਵਿਚ ਦਿੱਲੀ ਦੇ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ, ਮੈਂਬਰ ਪਾਰਲੀਮੈਂਟ ਸ੍ਰੀਮਤੀ ਕਮਲਜੀਤ ਸਹਿਰਾਵਤ, ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਾਹਲੋਂ, ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਤੇ ਹੋਰ ਅਹੁਦੇਦਾਰ ਤੇ ਮੈਂਬਰਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੇ ਨਾਲ ਸ਼ਮੂਲੀਅਤ ਕੀਤੀ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੇ ਕਿਹਾ ਕਿ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਦਿੱਲੀ ਦਰਬਾਰ ’ਤੇ ਕੀਤੀ ਫਤਿਹ ਦਾ ਜਸ਼ਨ ਅੱਜ ਸਾਰੀ ਦੁਨੀਆਂ ਨੂੰ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 1783 ਵਿਚ ਹਾਸਲ ਕੀਤੀ ਇਸ ਜਿੱਤ ਨੇ ਦਿੱਲੀ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਤੇ ਇਤਿਹਾਸ ਨੂੰ ਅਜਿਹੇ ਇਤਿਹਾਸਕ ਸਥਾਨ ਦਿੱਤੇ ਜੋ ਅੱਜ ਸਾਰੀ ਦੁਨੀਆਂ ਵਿਚ ਮਸ਼ਹੂਰ ਹਨ। ਉਹਨਾਂ ਕਿਹਾ ਕਿ ਦਿੱਲੀ ਦਾ ਮਸ਼ਹੂਰ ਮੋਰੀ ਗੇਟ ਉਸ ਇਤਿਹਾਸ ਅਸਥਾਨ ’ਤੇ ਹੈ ਜਿਸ ਥਾਂ ’ਤੇ ਮੋਰੀ ਕੱਢ ਕੇ ਖਾਲਸਾਈ ਫੌਜਾਂ ਲਾਲ ਕਿਲ੍ਹੇ ਵਿਚ ਦਾਖਲ ਹੋਈਆਂ ਤੇ ਫਤਿਹ ਦਰਜ ਕੀਤੀ।
ਉਹਨਾਂ ਕਿਹਾ ਕਿ ਇਸ ਤਰੀਕੇ ਤੀਸ ਹਜ਼ਾਰੀ ਕੋਰਟ ਵਾਲੀ ਥਾਂ ਉਸ ਤੀਸ ਹਜ਼ਾਰੀ ਫੌਜ ਦੇ ਪੜਾਅ ਦਾ ਅਸਥਾਨ ਹੈ ਜਿਸ ਫੌਜ ਨੇ ਮੁਗਲ ਬਾਦਸ਼ਾਹ ਨੂੰ ਹਰਾਉਣ ਦਾ ਕੰਮ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਉਹ ਇਸ ਇਤਿਹਾਸਕ ਦਿਹਾੜੇ ਦਾ ਹਿੱਸਾ ਬਣੇ ਹਨ ਤੇ ਮਹਾਨ ਜਰਨੈਲਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਮੁਗਲ ਬਾਦਸ਼ਾਹ ’ਤੇ ਫਤਿਹ ਹਾਸਲ ਕਰਨੀ ਸਾਡੀ ਕੌਮ ਵਾਸਤੇ ਬਹੁਤ ਹੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਸਾਡੇ ਮਹਾਨ ਜਰਨੈਲਾਂ ਨੇ ਇਸ ਜਿੱਤ ਨਾਲ ਸਾਬਤ ਕੀਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸਿਰਜਿਆ ਖਾਲਸਾ ਨਿਰਭਊ ਤੇ ਨਿਰਵੈਰ ਹੋ ਕੇ ਜਿੱਤਾਂ ਦਰਜ ਕਰਨ ਦੇ ਸਮਰਥ ਸੀ, ਹੈ ਤੇ ਰਹੇਗਾ।
ਉਹਨਾਂ ਕਿਹਾ ਕਿ ਖਾਲਸਾ ਆਪਣੇ ਆਪ ਵਿਚ ਸੰਪੂਰਨ ਹੈ ਜੋ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਉਸ ਅਕਾਲ ਪੁਰਖ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਖੁਸ਼ੀਆਂ ਗੁਰੂ ਸਾਹਿਬ ਨੇ ਸਾਡੀ ਝੋਲੀ ਪਾਈਆਂ ਹਨ ਕਿ ਅਸੀਂ ਦਿੱਲੀ ਫਤਿਹ ਦਿਵਸ ਉਸ ਲਾਲ ਕਿਲ੍ਹੇ ’ਤੇ ਮਨਾ ਰਹੇ ਹਾਂ ਜਿਸ ਲਾਲ ਕਿਲ੍ਹੇ ਤੋਂ ਮੁਗਲ ਬਾਦਸ਼ਾਹ ਸਾਡੀ ਕੌਮ ਤੇ ਮਨੁੱਖਤਾ ਦੇ ਖਿਲਾਫ ਹੁਕਮ ਜਾਰੀ ਕਰਦੇ ਸਨ ਤੇ ਸਾਡੇ ਮਹਾਨ ਜਰਨੈਲਾਂ ਨੇ ਮੁਗਲ ਬਾਦਸ਼ਾਹ ’ਤੇ ਨਾ ਸਿਰਫ ਫਤਿਹ ਦਰਜ ਕੀਤੀ ਬਲਕਿ ਉਹਨਾਂ ਦਾ ਤਖ਼ਤ ਪੁੱਟ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਜਾ ਕੇ ਭੇਂਟ ਕੀਤਾ ਜੋ ਅੱਜ ਵੀ ਬੁੰਗਾ ਰਾਮਗੜ੍ਹੀਆ ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪਿਆ ਹੈ। ਉਹਨਾਂ ਕਿਹਾ ਕਿ ਸਾਡੇ ਮਹਾਨ ਜਰਨੈਲਾਂ ਨੇ ਮੁਗਲ ਬਾਦਸ਼ਾਹ ਨੂੰ ਸਾਫ ਕਰ ਦਿੱਤਾ ਸੀਕਿ ਸਾਨੂੰ ਤੁਹਾਡੀ ਸਲਤਨਤ ਵਿਚ ਕੋਈ ਦਿਲਚਸਪੀ ਨਹੀਂ ਹੈ।
ਸਾਡੀ ਦਿਲਚਸਪੀ ਸਿਰਫ ਇਸ ਗੱਲ ਵਿਚ ਹੈ ਕਿ ਸਾਡੇ ਗੁਰੂ ਸਾਹਿਬਾਨ ਨਾਲ ਜੁੜੇ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਜਿਥੇ ਅਸੀਂ ਗੁਰੂ ਘਰਾਂ ਦੀ ਉਸਾਰੀ ਕਰ ਸਕੀਏ। ਉਹਨਾਂ ਕਿਹਾ ਕਿ ਇਹ ਮਹਾਨ ਜਰਨੈਲਾਂ ਦੇ ਕੀਤੇ ਉਦਮ ਸਦਕਾ ਹੀ ਹੈ ਕਿ ਅੱਜ ਅਸੀਂ ਵਿਚ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਨਾਨਕ ਪਿਆਊ ਤੇ ਹੋਰ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਸ ਸਭ ਸਾਡੇ ਮਹਾਨ ਜਰਨੈਲਾਂ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਨਤੀਜਾ ਹੈ।
ਕਮੇਟੀ ਵੱਲੋਂ ਕੀਤੇ ਜਾਣ ਵਾਲੇ ਨਵੇਂ ਉਦਮਾਂ ਦੀ ਗੱਲ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ 1 ਜੂਨ ਤੋਂ ਗੁਰਦੁਆਰਾ ਬਾਲਾ ਸਾਹਿਬ ਵਿਚ ਲੋੜਵੰਦਾਂ ਲਈ ਅੱਖਾਂ ਦੇ ਮੁਫਤ ਅਪਰੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਸਦਕਾ ਲੋਕ ਪ੍ਰਾਈਵੇਟ ਹਸਪਤਾਲਾਂ ਵਿਚ ਲੱਖਾਂ ਰੁਪਏ ਖਰਚ ਕਰਨ ਦੀ ਥਾਂ ਮੁਫਤ ਵਿਚ ਆਪਣੀਆਂ ਅੱਖਾਂ ਦੇ ਅਪਰੇਸ਼ਨ ਕਰਵਾ ਸਕਣਗੇ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਸੀਂ ਲੋੜਵੰਦ ਧੀਆਂ ਦੇ ਸਮੂਹਿਕ ਵਿਆਹਾਂ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਇਹ ਵਿਆਹ ਕਰਵਾਏ ਜਾਇਆ ਕਰਨਗੇ। ਉਹਨਾਂ ਦੱਸਿਆ ਕਿ ਇਸ ਤਰੀਕੇ ਅਸੀ਼ 350 ਰਾਗੀ ਸਿੰਘਾਂ ਦੀ ਟੀਮ ਬਣਾ ਰਹੇ ਹਾਂ ਜਿਹਨਾਂ ਨੂੰ ਸਿੰਘ ਸਭਾਵਾਂ ਤੇ ਹੋਰ ਸਿੱਖ ਸੰਸਥਾਵਾਂ ਆਪੋ ਆਪਣੇ ਇਲਾਕਿਆਂ ਵਿਚ ਕੀਰਤਨ ਦਰਬਾਰ ਵਾਸਤੇ ਬੁਲਾ ਸਕਣਗੇ। ਇਸ ਦੌਰਾਨ ਇਕ ਜਰਨੈਲੀ ਮਾਰਚ ਸਜਾਇਆ
ਇਸ ਦੌਰਾਨ ਅੱਜ ਨਿਹੰਗ ਸਿੰਘਾਂ ਤੇ ਦਲ ਬਦਲ ਦੀਆਂ ਹੋਰ ਜਥੇਬੰਦੀਆਂ ਵੱਲੋਂ ਛੱਤਾ ਪੁੱਲ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਸਜਾਇਆ ਗਿਆ। ਇਸ ਮਾਰਚ ਵਿਚ ਘੋੜਿਆਂ, ਹਾਥੀਆਂ ’ਤੇ ਸਵਾਰ ਨਿਹੰਗ ਸਿੰਘਾਂ ਦੇ ਨਾਲ-ਨਾਲ ਹੋਰ ਪੰਥਕ ਦਲਾਂ ਦੇ ਮੈਂਬਰ ਵੀ ਸ਼ਾਮਲ ਹੋਏ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਮਾਰਚ ਦੇਰ ਸ਼ਾਮ ਲਾਲ ਕਿਲ੍ਹੇ ’ਤੇ ਸਮਾਪਤ ਹੋਇਆ। ਸਮਾਗਮ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ, ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਤੇ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।