(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਫੈਡਰੇਸ਼ਨ ਆਫ਼ ਸਦਰ ਬਜ਼ਾਰ ਟਰੇਡਰਜ਼ ਐਸੋਸੀਏਸ਼ਨ ਵੱਲੋਂ ਸਦਰ ਬਜ਼ਾਰ ਨਿਯੁਕਤ ਏ.ਸੀ.ਪੀ ਸਬ ਡਵੀਜ਼ਨ ਸਦਰ ਬਜ਼ਾਰ ਸ੍ਰੀ ਕਰਨ ਸਿੰਘ ਰਾਣਾ, ਐਸ.ਐਚ.ਓ ਸ੍ਰੀ ਸਹਿਦੇਵ ਸਿੰਘ ਤੋਮਰ ਅਤੇ ਇਲਾਕੇ ਦੇ ਵੱਖ-ਵੱਖ ਪੁਲਿਸ ਅਧਿਕਾਰੀ ਨਾਲ ਇਕ ਮੀਟਿੰਗ ਕੀਤੀ ਗਈ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਅਤੇ ਪ੍ਰਧਾਨ ਰਾਕੇਸ਼ ਕੁਮਾਰ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਸਦਰ ਬਜ਼ਾਰ ਦੀ ਸਮੱਸਿਆ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਦਰ ਬਜ਼ਾਰ ਵਿੱਚ ਕਬਜੇ ਦੀ ਕਾਫੀ ਸਮੱਸਿਆ ਹੈ ਅਤੇ ਇਸ ਦੇ ਨਾਲ ਹੀ ਸਦਰ ਬਜ਼ਾਰ ਥਾਣੇ ਤੋਂ 12 ਟੁਟੀ ਚੌਂਕ ਤੱਕ ਪਾਰਕਿੰਗ ਦੀ ਥਾਂ ਦਾ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਕਿਉਕਿ ਇੱਥੇ ਦੋ-ਤਿੰਨ ਲਾਈਨਾਂ ਦੀਆਂ ਪਾਰਕਿੰਗ ਹੋਣ ਕਾਰਨ ਟ੍ਰੈਫਿਕ ਜਾਮ ਹੁੰਦਾ ਹੈ ਅਤੇ ਹਰ ਰੋਜ਼ ਅਪਰਾਧਿਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।
ਇਸ ਦੇ ਨਾਲ ਹੀ ਸਦਰ ਬਾਜ਼ਾਰ ‘ਚ ਦਲਾਲਾਂ ਦੀ ਭਰਮਾਰ ਹੈ ਅਤੇ ਖਰੀਦਦਾਰ ਦਲਾਲਾਂ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਲਈ ਉਨ੍ਹਾਂ ਨਾਲ ਕਾਫੀ ਠੱਗੀ ਹੁੰਦੀ ਹੈ। ਇਸ ਮੌਕੇ ਸ. ਪੰਮਾ ਤੇ ਰਾਕੇਸ਼ ਯਾਦਵ ਨੇ ਕਿਹਾ ਕਿ ਪੁਲਿਸ ਦੀ ਗਸ਼ਤ ਵਧਾਉਣ ਦੇ ਨਾਲ- ਨਾਲ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਵੀ ਬਾਜ਼ਾਰ ‘ਚ ਤਾਇਨਾਤ ਕੀਤਾ ਜਾਵੇ ਕਿਉਂਕਿ ਕਈ ਜੇਬ ਕਤਰੀ ਔਰਤਾਂ ਗ੍ਰਾਹਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਸ ਮੌਕੇ ਰਾਜਿੰਦਰ ਸ਼ਰਮਾ, ਸਤਪਾਲ ਸਿੰਘ ਮੰਗਾ, ਕਮਲ ਕੁਮਾਰ ਨੇ ਦੱਸਿਆ ਕਿ ਫੇਸਟਾ ਵੱਲੋਂ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਨਾਲ ਸਦਰ ਬਜ਼ਾਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਨੌਕਰ ਤਸਦੀਕ ਮੁਹਿੰਮ ਚਲਾਈ ਜਾਵੇਗੀ, ਤਾਂ ਜੋ ਇਸ ਗੱਲ ਦੀ ਜਾਂਚ ਕੀਤੀ ਜਾ ਸਕੇ ਕਿ ਕੋਈ ਬੰਗਲਾਦੇਸ਼ੀ ਜਾ ਅਪਰਾਧੀ ਇੱਥੇ ਆਪਣੀ ਪਛਾਣ ਛੁਪਾ ਰਿਹਾ ਹੈ ਜਾਂ ਨਹੀਂ। ਇਸ ਮੌਕੇ ਏ ਸੀ ਪੀ ਸਦਰ ਬਜ਼ਾਰ ਅਤੇ ਐਸ.ਐਚ.ਓ ਨੇ ਸਾਰੀਆਂ ਸਮੱਸਿਆਵਾਂ ਸੁਣਨ ਉਪਰੰਤ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਇਹਨਾਂ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ ਅਤੇ ਹਰ ਮਹੀਨੇ ਵਪਾਰੀਆਂ ਨਾਲ ਮੀਟਿੰਗ ਕਰਨਗੇ।
ਇਸ ਮੌਕੇ ਫੈਸਟਾਂ ਵੱਲੋਂ ਏ ਸੀ.ਪੀ ਸਦਰ ਬਜ਼ਾਰ ਅਤੇ ਐਸ.ਐਚ.ਓ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ ਅਤੇ ਉਨ੍ਹਾਂ ਨਾਲ ਆਏ ਸਾਰੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪਰਮਜੀਤ ਸਿੰਘ ਪੰਮਾ, ਰਾਕੇਸ਼ ਯਾਦਵ, ਚੌਧਰੀ ਯੋਗਿੰਦਰ ਸਿੰਘ, ਰਜਿੰਦਰ ਸ਼ਰਮਾ, ਸਤਪਾਲ ਸਿੰਘ ਮੰਗਾ, ਕਮਲ ਕੁਮਾਰ, ਰਾਜੀਵ ਛਾਬੜਾ, ਸੁਰਿੰਦਰ ਮਹਿੰਦਰੂ, ਰਾਜ ਕੁਮਾਰ ਗੁਪਤਾ, ਕਨ੍ਹਈਆ ਲਾਲ ਰਘਵਾਨੀ, ਕਮਲ ਗੁਪਤਾ, ਭਾਰਤ ਭੂਸ਼ਣ ਗੋਗੀਆ, ਨਰਿੰਦਰ ਗੁਪਤਾ, ਵਰਿੰਦਰ ਸਿੰਘ, ਜਸਵਿੰਦਰ ਸਿੰਘ, ਗਪਾਲ ਗਰੋਵਰ, ਹਿਮਾਂਸ਼ੁ, ਰਮੇਸ਼ ਸਚਦੇਵਾ, ਵਰਿੰਦਰ ਆਰੀਆ, ਕੁਲਦੀਪ ਸਿੰਘ, ਅਭੈ, ਤਰੁਣ ਸੋਨੀ ਸਮੇਰ ਕਈ ਹਰ ਵਪਾਰੀ ਮੌਜੂਦ ਸਨ।