ਪਰਮਜੀਤ ਸਿੰਘ ਸਰਨਾ ਅਤੇ ਕੈਬਿਨੇਟ ਮੰਤਰੀ ਆਸ਼ਿਸ਼ ਸੂਦ ਨੇ ਨਿਕਾਲੇ ਇਨਾਮੀ ਲਕੀ ਡਰਾਅ
477 ਤੋਂ ਵੱਧ ਬੱਚਿਆਂ ਗੁਰਬਾਣੀ ਕੰਠ ਚੇਤਨਾ ਲਹਿਰ ਵਿਚ ਲਿਆ ਸੀ ਹਿੱਸਾ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਿੱਖਾਂ ਦੀ ਧਾਰਮਿਕ ਸੰਸਥਾ “ਗੁਰੂਬਾਣੀ ਰਿਸਰਚ ਫਾਊਂਡੇਸ਼ਨ” ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ “ਗੁਰਬਾਣੀ ਕੰਠ ਚੇਤਨਾ ਲਹਿਰ” ਤਹਿਤ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੇ ਚੋਥੇ ਪੜਾਅ ਦੀ ਸੰਪੂਰਨਤਾ ਜਨਕਪੁਰੀ ਦੇ ਦਿੱਲੀ ਹਾਟ ਅੰਦਰ ਬਣੇ ਐਕਸਪੋਜੀਸ਼ਨ ਹਾਲ ਵਿਖ਼ੇ ਬੱਚਿਆਂ ਨੂੰ ਇਨਾਮ ਵੰਡਣ ਨਾਲ ਹੋਈ । ਇਸ ਅਖੀਰਲੇ ਪੜਾਅ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਂ ਪਿਓ ਦਾ ਉਤਸ਼ਾਹ ਦੇਖਣ ਵਾਲਾ ਸੀ ਕਿ ਉਨ੍ਹਾਂ ਦੇ ਬੱਚਿਆਂ ਨੇ ਜੋ ਗੁਰਬਾਣੀ ਦੇ ਵੱਖ ਵੱਖ ਪਾਠ ਕੰਠ ਸੁਣਾ ਕੇ ਉਨ੍ਹਾਂ ਨੂੰ ਮਿਲਣ ਵਾਲੇ ਇਨਾਮਾਂ ਲਈ ਟੋਕਨ ਦੀ ਪ੍ਰਾਪਤੀ ਕੀਤੀ, ਉਨ੍ਹਾਂ ਨੂੰ ਅਜ ਇਨਾਮ ਮਿਲਣੇ ਸਨ। ਇਸ ਗੁਰਬਾਣੀ ਕੰਠ ਚੇਤਨਾ ਲਹਿਰ ਪ੍ਰੋਗਰਾਮ ਵਿਚ 4 ਤੋਂ 18 ਸਾਲ ਦੇ 477 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਹੈ ਜਿਨ੍ਹਾਂ ਨੇ ਵੱਖ ਵੱਖ ਗਰੁੱਪਾਂ ਲਈ ਤੈਅ ਕੀਤੀਆਂ ਬਾਣੀਆਂ ਕੰਠ ਕਰਕੇ ਸੁਣਾਈ ਹੈ। ਇਨਾਮਾਂ ਦਾ ਜ਼ਿਕਰ ਕਰਦਿਆਂ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਤਿੰਨ ਵਿਸ਼ੇਸ ਇਨਾਮ ਗੋਲ੍ਡ ਪਲੇਟੇਡ ਜਪੁਜੀ ਸਾਹਿਬ ਦੇ ਗੁਟਕੇ ਅਤੇ ਪੰਜ ਇਨਾਮ ਗੇਅਰ ਵਾਲੀ ਸਾਈਕਲ, ਦੂਜਾ ਇਨਾਮ ਸੱਤ ਆਈ ਪੈਡ, ਤੀਜਾ ਇਨਾਮ ਦਸ ਮੋਬਾਈਲ ਫੋਨ ਤੋਂ ਅਲਾਵਾ 15 ਇਨਾਮ ਸਮਾਰਟ ਰਿਸਟ ਵਾਚ ਦੇ ਨਾਲ 10 ਸਪੋਰਟਸ ਕਿੱਟ, 325 ਬਲੂ ਟੂਥ ਸਪੀਕਰ ਦਿੱਤੇ ਗਏ ਹਨ।
ਇਸ ਮੌਕੇ ਦਿੱਲੀ ਸਰਕਾਰ ਦੇ ਕੈਬਿਨੇਟ ਮੰਤਰੀ ਆਸ਼ਿਸ਼ ਸੂਦ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਸੋਨੂੰ ਅਤੇ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰ ਕੇ ਬੱਚਿਆਂ ਦੇ ਇਨਾਮ ਦੇ ਲਕੀ ਡਰਾਅ ਨਿਕਾਲੇ ਸਨ। ਇਸ ਮੌਕੇ ਪ੍ਰਬੰਧਕਾਂ ਵਲੋਂ ਕੈਬਿਨੇਟ ਮੰਤਰੀ ਆਸ਼ਿਸ਼ ਸੂਦ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਗੁਰਮੀਤ ਸਿੰਘ ਸ਼ੰਟੀ, ਸੁਰਜੀਤ ਸਿੰਘ ਦੁੱਗਲ ਨੂੰ ਸਨਮਾਨਿਤ ਕੀਤਾ ਗਿਆ ਸੀ। ਪਰਮਜੀਤ ਸਿੰਘ ਵੀਰ ਜੀ ਨੇ ਦਸਿਆ ਕਿ ਇਸ ਪ੍ਰੋਗਰਾਮ ਵਿਚ ਬੱਚੀ ਜਸ਼ਨਪ੍ਰੀਤ ਕੌਰ ਨੇ 30 ਬਾਣੀਆਂ ਦਾ ਪਾਠ, ਅਤੇ ਇਕ ਸਹਿਜਧਾਰੀ ਪਰਿਵਾਰ ਤੋਂ ਬੱਚੀ ਨੇ ਜਪੁਜੀ ਸਾਹਿਬ ਸੁਖਮਨੀ ਸਾਹਿਬ ਸਸ਼ਤਰਨਾਮਾ ਅਤੇ ਹੋਰ ਬੇਅੰਤ ਬਾਣੀਆਂ ਕੰਠ ਸੁਣਾ ਕੇ ਆਪਣਾ ਗੁਰਬਾਣੀ ਨਾਲ ਪ੍ਰੇਮ ਦਰਸਾਇਆ ਸੀ।
ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਤਿੰਨ ਗਰੁੱਪ ਬਣਾਏ ਗਏ ਸਨ ਅਤੇ ਤਿੰਨਾਂ ਗਰੁੱਪਾਂ ਵਾਸਤੇ ਵੱਖ ਵੱਖ ਬਾਣੀਆਂ ਨੂੰ ਕੰਠ ਕਰਨਾ ਨਿਰਧਾਰਿਤ ਕੀਤਾ ਗਿਆ ਹੈ। ਇਸ ਮੌਕੇ ਮੁੱਖ ਪ੍ਰਬੰਧਕ ਭਾਈ ਪਰਮਜੀਤ ਸਿੰਘ ਵੀਰਜੀ ਦੇ ਨਾਲ ਅਮਰਜੀਤ ਸਿੰਘ ਹੀਰਾ, ਹਰਜੋਤ ਸ਼ਾਹ ਸਿੰਘ, ਜਤਿੰਦਰ ਸਿੰਘ ਸੋਨੂੰ, ਜਸਵਿੰਦਰ ਸਿੰਘ, ਦਲਜੀਤ ਸਿੰਘ, ਬਾਵਾ ਸਾਹਨੀ, ਹਰਿੰਦਰ ਸਿੰਘ ਖਾਲਸਾ, ਮਨਿੰਦਰ ਸਿੰਘ ਅਹਲੂਵਾਲੀਆ, ਹਰਜੀਤ ਸਿੰਘ ਸਮੇਤ ਬਹੁਤ ਸਾਰੇ ਪਤਵੰਤੇ ਸੱਜਣ ਹਾਜਿਰ ਸਨ ਜੋ ਬੱਚਿਆਂ ਨੂੰ ਮਿਲਣ ਵਾਲੇ ਇਨਾਮਾਂ ਨੂੰ ਦੇਣ ਵਿਚ ਮਦਦ ਕਰ ਰਹੇ ਸਨ।