4 ਮਈ ਨੂੰ ਦਿੱਲੀ ਹਾਟ ਦੇ ਐਕਸਪੋਜੀਸ਼ਨ ਹਾਲ ਵਿਖੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਧਾਰਮਿਕ ਸੰਸਥਾ ‘ਗੁਰਬਾਣੀ ਰਿਸਰਚ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੇ ਅਗਲੇ ਪੜਾਅ ਦੀ ਸੰਪੂਰਨਤਾ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ ਵਿਖ਼ੇ ਹੋਈ ਹੈ। ਅਜ ਦੇ ਪੜਾਅ ਵਿਚ ਬੱਚਿਆਂ ਨੇ ਵੱਡਾ ਉਤਸ਼ਾਹ ਦਿਖਾਂਦਿਆਂ ਵੱਖ ਵੱਖ ਪੜਾਵਾਂ ਅੰਦਰ ਗੁਰਬਾਣੀ ਦੇ ਪਾਠ ਕੰਠ ਸੁਣਾ ਕੇ ਉਨ੍ਹਾਂ ਨੂੰ ਮਿਲਣ ਵਾਲੇ ਇਨਾਮਾਂ ਲਈ ਟੋਕਨ ਦੀ ਪ੍ਰਾਪਤੀ ਕੀਤੀ, ਇਸ ਮੌਕੇ ਬੱਚਿਆਂ ਦਾ ਉਤਸ਼ਾਹ ਦੇਖਣ ਵਾਲਾ ਸੀ ਜੋ ਕਿ ਆਪ ਮੂਹਰੇ ਵੱਧ ਚੜ੍ਹ ਕੇ ਬਾਣੀ ਨੂੰ ਕੰਠ ਸੁਣਾਉਣ ਲਈ ਹਿੱਸਾ ਲੈ ਰਹੇ ਸੀ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਹਾਜਿਰ ਹੋ ਕੇ ਉਨ੍ਹਾਂ ਦਾ ਉਤਸ਼ਾਹ ਦੇਖ ਰਹੇ ਸਨ । ਇਸ ਮੌਕੇ ਗੁਰਬਾਣੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਵੀਰਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਕਵਾਇਦ ਤਹਿਤ ‘ਗੁਰਬਾਣੀ ਕੰਠ ਚੇਤਨਾ ਲਹਿਰ’ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ।
ਇਸ ਗੁਰਬਾਣੀ ਕੰਠ ਚੇਤਨਾ ਲਹਿਰ ਪ੍ਰੋਗਰਾਮ ਵਿਚ 4 ਤੋਂ 18 ਸਾਲ ਦੇ ਬੱਚੇ ਹਿੱਸਾ ਲੈ ਸਕਣਗੇ ਜੋ ਵੱਖ ਵੱਖ ਗਰੁੱਪਾਂ ਲਈ ਤੈਅ ਕੀਤੀਆਂ ਬਾਣੀਆ ਕੰਠ ਕਰਕੇ ਸੁਣਾਉਣਗੇ। ਇਨਾਮਾਂ ਦਾ ਜ਼ਿਕਰ ਕਰਦਿਆਂ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਪਹਿਲਾ ਇਨਾਮ ਗੇਅਰ ਵਾਲੀ ਸਾਈਕਲ (5 ਇਨਾਮ), ਦੂਜਾ ਇਨਾਮ ਆਈ ਪੈਡ (7 ਇਨਾਮ), ਤੀਜਾ ਇਨਾਮ ਮੋਬਾਇਲ ਫੋਨ (10 ਇਨਾਮ), 5 ਵਾਂ ਇਨਾਮ ਸਮਾਰਟ ਰਿਸਟ ਵਾਚ (15 ਇਨਾਮ) ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਤਿੰਨ ਗਰੁੱਪ ਬਣਾਏ ਗਏ ਹਨ ਅਤੇ ਤਿੰਨਾਂ ਗਰੁੱਪਾਂ ਵਾਸਤੇ ਵੱਖ ਵੱਖ ਬਾਣੀਆ ਕੰਠ ਕਰਨਾ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ 26 ਅਪ੍ਰੈਲ ਤੱਕ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ।
ਉਨ੍ਹਾਂ ਦਸਿਆ ਕਿ ਅਗਲਾ ਅੰਤਿਮ ਪੜਾਅ 27 ਅਪ੍ਰੈਲ ਨੂੰ ਹੋਣਾ ਹੈ ਤੇ ਇਸ ਵਿਚ ਵੀ ਇਸ ਪ੍ਰੋਗਰਾਮ ਅੰਦਰ ਹਿੱਸਾ ਲੈਣ ਵਾਲਿਆਂ ਕੋਲੋਂ ਗੁਰਬਾਣੀ ਨੂੰ ਕੰਠ ਸੁਣਿਆ ਜਾਏਗਾ ਉਪਰੰਤ 4 ਮਈ ਨੂੰ ਦਿੱਲੀ ਹਾਟ ਦੇ ਐਕਸਪੋਜੀਸ਼ਨ ਹਾਲ ਵਿਖੇ ਇੱਕ ਵੱਡਾ ਪ੍ਰੋਗਰਾਮ ਕਰਵਾ ਕੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਪ੍ਰਬੰਧਕ ਭਾਈ ਪਰਮਜੀਤ ਸਿੰਘ ਵੀਰਜੀ ਦੇ ਨਾਲ ਬੀਬੀ ਰਵਿੰਦਰ ਕੌਰ, ਬੀਬੀ ਬਲਵਿੰਦਰ ਕੌਰ, ਅਮਰਜੀਤ ਸਿੰਘ ਹੀਰਾ, ਜਸਵਿੰਦਰ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਸਿੰਘ ਕੋਹਾਟ ਇਨਕਲੇਵ, ਹਰਜੋਤ ਸ਼ਾਹ ਸਿੰਘ ਸਮੇਤ ਬਹੁਤ ਸਾਰੇ ਪਤਵੰਤੇ ਸੱਜਣ ਹਾਜਿਰ ਸਨ ਜੋ ਬੱਚਿਆਂ ਕੋਲੋਂ ਗੁਰੂਬਾਣੀ ਨੂੰ ਕੰਠ ਸੁਣ ਕੇ ਉਨ੍ਹਾਂ ਨੂੰ ਮਿਲਣ ਵਾਲੇ ਇਨਾਮਾਂ ਦੀ ਸ਼੍ਰੇਣੀ ਵਿਚ ਸੂਚੀਬਧ ਰਹੇ ਸਨ।