ਮਨਪ੍ਰੀਤ ਸਿੰਘ ਖਾਲਸਾ.

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪਾਰਟੀ ਦਫਤਰ ਵਿਖ਼ੇ ਕੀਤੀ ਇਕ ਭਰਵੀਂ ਪ੍ਰੈਸ ਨਾਲ ਮਿਲਣੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤੁਰੰਤ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ “ਗੁਰੂ ਦੋਖੀ” ਅਤੇ “ਖ਼ਾਲਸਾ ਪੰਥ ਵਿਰੋਧੀ” ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਰਹਿੰਦਾ।

ਸਰਨਾ ਨੇ ਕਿਹਾ ਕਿ ਭਗਵੰਤ ਮਾਨ ਦਾ ਅਹੁਦੇ ’ਤੇ ਕਾਇਮ ਰਹਿਣਾ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਅਪਮਾਨ ਹੈ। ਸਰਨਾ ਨੇ ਦਾਅਵਾ ਕੀਤਾ ਕਿ ਵਿਵਾਦਿਤ ਵਾਇਰਲ ਵੀਡੀਓ ਦੀ ਦੋ ਸੁਤੰਤਰ ਫੋਰੈਂਸਿਕ ਲੈਬਾਂ ਵੱਲੋਂ ਜਾਂਚ ਕੀਤੀ ਗਈ ਹੈ, ਜਿਸ ਅਨੁਸਾਰ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਤੋਂ ਬਾਅਦ ਹੁਣ ਕਿਸੇ ਤਰ੍ਹਾਂ ਦੀ ਦੁਵਿਧਾ ਨਹੀਂ ਰਹਿ ਗਈ ਅਤੇ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਫ਼ਾਈਆਂ ਮਾਮਲੇ ਨੂੰ ਹੋਰ ਗੰਭੀਰ ਬਣਾ ਰਹੀਆਂ ਹਨ।

ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਵੱਲੋਂ 29 ਜੂਨ ਨੂੰ ਤਲਬ ਕੀਤੇ ਗਏ ਸਿੱਖ ਵਿਧਾਇਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਹਾਜ਼ਰ ਹੋਣ ਦੀ ਅਪੀਲ ਕੀਤੀ ਅਤੇ ਸਿੱਖ ਸੰਗਤ ਨੂੰ ਜਥੇਦਾਰ ਦੇ ਸੱਦੇ ਅਨੁਸਾਰ ਭਗਵੰਤ ਮਾਨ ਨਾਲ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਿਹਾ। ਸਰਨਾ ਨੇ ਕਿਹਾ ਕਿ ਸੰਗਤ ਨੂੰ ਭਗਵੰਤ ਮਾਨ ਨਾਲ ਮੰਚ ਸਾਂਝਾ ਕਰਨ, ਉਨ੍ਹਾਂ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਗੁਰਦੁਆਰਿਆਂ ਵਿੱਚ ਉਨ੍ਹਾਂ ਦਾ ਸਨਮਾਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਮੰਜੀਤ ਸਿੰਘ ਜੀਕੇ, ਪਰਮਜੀਤ ਸਿੰਘ ਖੁਰਾਣਾ, ਸਤਨਾਮ ਸਿੰਘ ਖੀਵਾ, ਪਰਮਜੀਤ ਸਿੰਘ ਵੀਰਜੀ, ਕਰਤਾਰ ਸਿੰਘ ਵਿਕੀ ਚਾਵਲਾ ਸਮੇਤ ਵਡੀ ਗਿਣਤੀ ਵਿਚ ਪਾਰਟੀ ਕਾਰਕੁਨ ਹਾਜਿਰ ਸਨ।

Share.
© 2026 (ਫਤਿਹ ਲਾਈਵ) FatehLive.com. Designed by Forever Infotech.
Exit mobile version