(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਬੰਧਕੀ ਕਮੇਟੀ ਅਧੀਨ ਚਲ ਰਹੇ ਗੁਰਦੁਆਰਾ ਸਾਹਿਬਾਨ ਅਤੇ ਸੰਸਥਾਵਾਂ ਤੋਂ ਗਾਹੇ ਬਗਾਹੇ ਕੌਈ ਨਾ ਕੌਈ ਅਣਸੁਖਾਵੀ ਘਟਨਾ ਵਾਪਰਨ ਦਾ ਪਤਾ ਲਗਦੇ ਹੀ ਪੰਥ ਅੰਦਰ ਵੱਡੇ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਜਾਂਦੀ ਹੈ, ਪਰ ਕਮੇਟੀ ਤੇ ਕਾਬਿਜ ਧਿਰ ਨੂੰ ਇਸ ਨਾਲ ਕੌਈ ਫਰਕ ਪੈਂਦਾ ਨਜ਼ਰ ਨਹੀਂ ਆਂਦਾ ਹੈ ਤੇ ਓਹ ਖਾਲੀ ਭਾਂਡਿਆਂ ਵਾਂਗ ਖੜਕ ਕੇ ਮੁੜ ਚੁੱਪ ਹੋ ਜਾਂਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਦਿੱਲੀ ਤੇ ਇਕ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖ਼ੇ ਬਹੁਤ ਨਮੋਸ਼ੀ ਭਰੀ ਘਟਨਾ ਵਾਪਰਣ ਦਾ ਪਤਾ ਲਗਿਆ ਹੈ ਤੇ ਇਸ ਤੋਂ ਪਹਿਲਾਂ ਵੀ ਇਸੇ ਕਮੇਟੀ ਅਧੀਨ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ ਪਰ ਪ੍ਰਬੰਧਕ ਦੋਸ਼ੀਆਂ ਨੂੰ ਮੁਅਤਲ ਕਰਕੇ ਸੁਰਖਰੂ ਹੋ ਜਾਂਦੇ ਹਨ। ਜਦਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਪ੍ਰਬੰਧਕਾਂ ਵਲੋਂ ਕੌਈ ਠੋਸ ਉਪਰਾਲਾ ਨਹੀਂ ਜਾਂਦਾ ਹੈ । ਇਸ ਦੇ ਨਾਲ ਹੀ ਮਿਲ ਰਹੀਆਂ ਕੰਨਸੋਆ ਮੁਤਾਬਿਕ ਦਿੱਲੀ ਦੀ ਇਕ ਅਦਾਲਤ ਵਲੋਂ ਅਧਿਆਪਕਾਵਾਂ ਨੂੰ ਤਨਖਾਹ ਦੇਣ ਦੇ ਮਾਮਲੇ ਵਿਚ ਦਿੱਲੀ ਕਮੇਟੀ ਦੀਆਂ ਦੀ ਵਿਰਾਸਤਾਂ ਦਾ ਮੁੱਲ ਨਿਰਧਾਰਿਤ ਕਰਣ ਦੇ ਆਦੇਸ਼ ਕੀਤੇ ਹਨ।

ਜ਼ੇਕਰ ਇਸ ਤਰ੍ਹਾਂ ਦੇ ਕੌਈ ਆਦੇਸ਼ ਜਾਰੀ ਹੋਏ ਜਾਂ ਹੁੰਦੇ ਹਨ ਤਾਂ ਪੰਥ ਲਈ ਵਡੀ ਨਮੋਸ਼ੀ ਦੀ ਗੱਲ ਹੈ। ਇੰਨ੍ਹਾ ਦੀ ਗਲਤ ਨੀਤੀਆਂ ਤਹਿਤ ਸੰਸਥਾਵਾਂ ਬੁਰੇ ਹਾਲਾਤ ਵਿਚ ਪਹੁੰਚ ਚੁਕੀਆਂ ਹਨ ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਮੌਜੂਦਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਗਵਾਈ ਕਰਣ ਵਿਚ ਨਾਕਾਮਯਾਬ ਸਾਬਿਤ ਹੋ ਰਹੇ ਹਨ। ਹਾਲ ਹੀ ਵਿਚ ਕੈਨੇਡਾ ਅੰਦਰ ਹੋਈਆਂ ਚੋਣਾਂ ਵਿਚ ਸਰਦਾਰ ਜਗਮੀਤ ਸਿੰਘ ਦੀ ਪਾਰਟੀ ਦੀ ਬੁਰੀ ਤਰ੍ਹਾਂ ਹੋਈ ਹਾਰ ਨੂੰ ਦੇਖਦਿਆਂ ਉਨ੍ਹਾਂ ਆਪਣੀ ਜਿੰਮੇਵਾਰੀ ਸਮਝਦਿਆਂ ਤੁਰੰਤ ਅਸਤੀਫ਼ਾ ਦੇ ਕੇ ਮਿਸਾਲ ਕਾਇਮ ਕੀਤੀ ਸੀ ਤੇ ਇਸੇ ਤਰਜ਼ ਤੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਸਕੱਤਰ ਨੂੰ ਵੀ ਉਨ੍ਹਾਂ ਤੋਂ ਸਿੱਖਿਆ ਲੈਂਦਿਆਂ ਇੰਨ੍ਹਾ ਦੀ ਕਮਾਂਡ ਹੇਠ ਹੋਈ ਨਾਕਾਮੀਆਂ ਦੀ ਜਿੰਮੇਵਾਰੀ ਲੈਂਦਿਆਂ ਆਪਣੇ ਉਹਦਿਆ ਤੋਂ ਇਸਤੀਫ਼ਾ ਦੇ ਕੇ ਕਮੇਟੀ ਦੀਆਂ ਮੁੜ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਕਰਣਾ ਚਾਹੀਦਾ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version