(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨਾਂ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਕਮੇਟੀ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਸਾਲ ਭਰ ਮਨਾਏਗੀ ਅਤੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੇ ਹੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਅਤੇ ਧਰਮ ਪ੍ਰਚਾਰ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਵੱਲੋਂ ਕਾਰਜਕ੍ਰਮਾਂ ਦੀ ਯੋਜਨਾ ਤਿਆਰ ਕਰਨ ਲਈ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ।
ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋ ਅਤੇ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਮੈਂਬਰਾਂ ਨਾਲ ਮੀਟਿੰਗ ਕਰਕੇ ਦਿੱਲੀ ਦੇ ਸਾਰੇ ਵਾਰਡਾਂ ਵਿੱਚ ਪ੍ਰੋਗਰਾਮ ਕਰਨ ਦੇ ਬਾਰੇ ਵਿਚਾਰ ਕੀਤਾ ਗਿਆ ਅਤੇ ਸਟੇਟ ਲੈਵਲ ਉੱਤੇ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ‘ਤੇ ਸੈਮੀਨਾਰ, ਵਿਚਾਰ ਗੋਸ਼ਠੀ, ਕੀਰਤਨ ਸਮਾਗਮ, ਕਵੀ ਦਰਬਾਰ ਆਦਿ ਕਰਵਾਏ ਜਾਣਗੇ ਤਾਂ ਕਿ ਗੁਰੂ ਸਾਹਿਬ ਦੀ ਮਹਾਨ ਸ਼ਹੀਦੀ ਦਾ ਇਤਿਹਾਸ ਘਰ-ਘਰ ਤੱਕ ਪਹੁੰਚਾਇਆ ਜਾ ਸਕੇ। ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਸਾਰੇ ਤਖ਼ਤ ਸਾਹਿਬਾਂ ਸਮੇਤ ਦੇਸ਼ ਦੇ ਸਾਰੇ ਰਾਜਾਂ ਦੀਆਂ ਧਾਰਮਿਕ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਪ੍ਰੋਗਰਾਮਾਂ ਦੀ ਯੋਜਨਾ ਤਿਆਰ ਕੀਤੀ ਜਾਵੇਗੀ ਤਾਂ ਜੋ 350ਵਾਂ ਸ਼ਹੀਦੀ ਸਮਾਗਮ ਯਾਦਗਾਰ ਬਣ ਸਕੇ।
ਇਸ ਮੌਕੇ ‘ਤੇ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਸਕੱਤਰ ਜਸਮੇਨ ਸਿੰਘ ਨੋਨੀ, ਇੰਦਰਪ੍ਰੀਤ ਸਿੰਘ ਮੌਂਟੀ ਕੌਛੜ, ਮੈਂਬਰ ਭੁਪਿੰਦਰ ਸਿੰਘ ਭੁੱਲਰ, ਪ੍ਰਭਜੀਤ ਸਿੰਘ ਜੀਤੀ, ਭੁਪਿੰਦਰ ਸਿੰਘ ਗਿੰਨੀ, ਹਰਜੀਤ ਸਿੰਘ ਪੱਪਾ, ਅਨੂਮ ਸਿੰਘ ਘੁੰਮਣ, ਗੁਰਮੀਤ ਸਿੰਘ ਭਾਟੀਆ, ਪਰਮਜੀਤ ਸਿੰਘ ਚੰਡੋਕ, ਜਸਪ੍ਰੀਤ ਸਿੰਘ ਵਿਕੀ ਮਾਨ ਮੌਜੂਦ ਸਨ।