ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੌਮ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਿੰਘ ਸਾਹਿਬ ਦੀ ਨਿਯੁਕਤੀ ਦਾ ਫੈਸਲਾ ਲਿਆ ਸੀ ਅਤੇ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਟਕਰਾਅ ਤੋਂ ਬਚਣ ਲਈ ਅੰਮ੍ਰਿਤ ਵੇਲਾ ਚੁਣ ਕੇ ਕੌਮ ਨੂੰ ਸਰਬਸੰਮਤੀ ਦਾ ਸੁਨੇਹਾ ਦਿੱਤਾ ਹੈ। ਇਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਪੰਥ ਦੀ ਚੜ੍ਹਦੀ ਕਲਾ ਲਈ ਦੂਰਅੰਦੇਸ਼ੀ ਵਾਲਾ ਫੈਸਲਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਜਿਵੇਂ ਸਿੰਘ ਸਾਹਿਬ ਨੇ ਹਰ ਮੁੱਦੇ ‘ਤੇ ਆਪਣੀ ਕੌਮ ਨੂੰ ਸਪਸ਼ਟਤਾ ਨਾਲ ਸੰਬੋਧਨ ਕਰਦੇ ਹੋਏ ਹਰ ਮੁੱਦੇ ਨੂੰ ਸਿਰ ‘ਤੇ ਰੱਖ ਕੇ ਕੌਮ ਅੰਦਰ ਪੈਦਾ ਹੋਈ ਦੁਬਿਧਾ ਨੂੰ ਦੂਰ ਕੀਤਾ ਹੈ।
ਇਸ ਦੇ ਨਾਲ ਹੀ ਸੰਪਰਦਾਵਾਂ ਵਿੱਚ ਹੰਗਾਮਾ ਕਰਨ ਦੀ ਸੋਚ ਰਹੀਆਂ ਤਾਕਤਾਂ ਨੂੰ ਵੀ ਕਰਾਰਾ ਜਵਾਬ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਨਿਹੰਗ ਸਿੰਘ ਜੱਥੇਬੰਦੀਆਂ, ਟਕਸਾਲੀਆਂ, ਸੰਪਰਦਾਵਾਂ ਅਤੇ ਸਿੱਖ ਕੌਮ ਦੀਆਂ ਹੋਰ ਸਤਿਕਾਰਯੋਗ ਸਖਸ਼ੀਅਤਾਂ ਨੂੰ ਅਪੀਲ ਕਰਦਾ ਹਾਂ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਜੋ ਕੁਝ ਵੀ ਹੋਇਆ ਅਤੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਭਰਾ ਮਾਰੂ ਜੰਗ ਤੋਂ ਬਚਣ ਲਈ ਸਿੰਘ ਸਾਹਿਬ ਨੇ ਕਿਹਾ, ਆਓ ਸਾਰੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਈਏ, ਸਾਨੂੰ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈ। ਕਿਉਂਕਿ ਅੱਜ ਸਮਾਜ ਦੀ ਤਾਕਤ ਨੂੰ ਢਾਹ ਲਾਉਣ ਲਈ ਜਿਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ, ਉਸ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜਿਥੇ ਮੈਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨੂੰ ਵਧਾਈ ਦਿੰਦਾ ਹਾਂ, ਉਥੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਕੌਮ ਨੂੰ ਆਪਸੀ ਪਿਆਰ ਅਤੇ ਏਕਤਾ ਬਖਸ਼ਣ ਅਤੇ ਸਿੰਘ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਪੰਥ ਦੀ ਮੁੱਖ ਸ਼ਖਸੀਅਤ ਅਤੇ ਪਛਾਣ ‘ਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਤੇ ਕੌਮ ਨੂੰ ਇਕ ਨਿਸ਼ਾਨ ਸਾਹਿਬ ਹੇਠ ਇਕਜੁੱਟ ਕਰਨ ਦਾ ਬਲ ਬਖਸ਼ਣ।